*ਸੰਸਦ-ਭਵਨ ਸਾਹਮਣੇ ਰੋਸ-ਪ੍ਰਦਰਸ਼ਨ ਲਈ ਪੰਜਾਬ ਦੀਆਂ ਕਿਸਾਨ-ਜਥੇਬੰਦੀਆਂ ਤਿਆਰੀਆਂ ਜ਼ੋਰਾਂ ‘ਤੇ*
*ਚੰਡੀਗੜ੍ਹ-ਪੁਲਿਸ ਵੱਲੋਂ ਕਿਸਾਨਾਂ ‘ਤੇ ਕੀਤੇ ਜ਼ਬਰ ਅਤੇ ਗਿਫ਼ਤਾਰੀਆਂ ਦੀ ਸਖ਼ਤ ਨਿਖੇਧੀ*
*ਕਿਸਾਨੀ-ਧਰਨਿਆਂ ‘ਚ ‘ਦੇਸ਼-ਧ੍ਰੋਹ’ ਦਾ ਕਾਲਾ-ਕਾਨੂੰਨ ਰੱਦ ਕਰਨ ਦੀ ਜ਼ੋਰਦਾਰ ਮੰਗ ਉੱਠੀ*
*ਬਰਨਾਲਾ ‘ਚ ਨੌਜਵਾਨ ਕਿਸਾਨਾਂ ਵੱਲੋਂ ਕਨਵੈਨਸ਼ਨ*
*ਦਿੱਲੀ-ਮੋਰਚਿਆਂ ਲਈ ਦਰਜ਼ਨਾਂ ਜਥੇ ਰਵਾਨਾ*
ਚੰਡੀਗੜ੍ਹ,18 ਜੁਲਾਈ ( ਵਿਸ਼ਵ ਵਾਰਤਾ ):ਕੇਂਦਰ-ਸਰਕਾਰ ਦੇ 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਦੇਸ਼-ਵਿਆਪੀ ਸੰਘਰਸ਼ ਤਹਿਤ
ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਸੰਸਦ-ਭਵਨ ਸਾਹਮਣੇ 22 ਜੁਲਾਈ ਤੋਂ ਰੋਸ-ਪ੍ਰਦਰਸ਼ਨ ਲਈ ਜ਼ੋਰਦਾਰ ਤਿਆਰੀਆਂ ਵਿੱਢੀਆਂ ਹੋਈਆਂ ਹਨ।
ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕਿਸਾਨ-ਜਥੇਬੰਦੀਆਂ ਵੱਲੋਂ ਰੋਸ-ਪ੍ਰਦਰਸ਼ਨ ‘ਚ ਪ੍ਰਤੀਦਿਨ ਸ਼ਾਮਿਲ ਹੋਣ ਵਾਲ਼ੇ ਜਥਿਆਂ ਦਾ ਵੇਰਵਾ ਤਿਆਰ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਸੌਂਪਿਆ ਜਾ ਰਿਹਾ ਹੈ।
ਹਰ ਰੋਜ਼ ਪ੍ਰਤੀ-ਜਥੇਬੰਦੀ 5 ਕਿਸਾਨ ਅਤੇ ਕੁੱਲ 200 ਕਿਸਾਨ ਪ੍ਰਦਰਸ਼ਨ ‘ਚ ਸ਼ਮੂਲੀਅਤ ਕਰਿਆ ਕਰਨਗੇ। ਕਿਸਾਨ-ਆਗੂਆਂ ਨੇ ਕਿਹਾ ਕਿ ਰੋਸ-ਪ੍ਰਦਰਸ਼ਨ ਬਿਲਕੁਲ ਸ਼ਾਂਤਮਈ, ਅਨੁਸ਼ਾਸਨੀ ਅਤੇ ਜਥੇਬੰਦਕ ਹੋਵੇਗਾ।
ਸੰਸਦ ਦੇ ਬਾਹਰ ਕਿਸਾਨ ਰੋਸ-ਪ੍ਰਗਟਾਉਣਗੇ ਅਤੇ ਅੰਦਰ ਲੋਕ-ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਵਿਪ੍ਹ ਜਾਰੀ ਕਰਦਿਆਂ ਕਿਸਾਨਾਂ ਦੇ ਪੱਖ ‘ਚ ਖੜ੍ਹਨ ਦੀ ਅਪੀਲ ਕੀਤੀ ਗਈ ਹੈ।
ਕਿਸਾਨ-ਆਗੂਆਂ ਨੇ ਰਾਜ/ਦੇਸ਼ ਧ੍ਰੋਹ ਦਾ ਕਾਲ਼ਾ-ਕਾਨੂੰਨ ਖਤਮ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਬੇਹੱਦ ਖ਼ਤਰਨਾਕ ਧਾਰਾਵਾਂ ਵਾਲਾ ਕਾਨੂੰਨ ਬਸਤੀਵਾਦੀ ਰਾਜ ਦੌਰਾਨ ਭਾਰਤ ਦੀ ਕੌਮੀ ਮੁਕਤੀ ਲਹਿਰ ਨੂੂੰ ਕੁਚਲਣ ਲਈ ਅੰਗਰੇਜ਼ੀ ਹਕੂਮਤ ਵੱਲੋਂ ਬਣਾਇਆ ਗਿਆ। ਸੀ। ਹੈਰਾਨੀ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਇਹ ਕਾਨੂੰਨ ਨਾ ਸਿਰਫ਼ ਜਿਉਂ ਦਾ ਤਿਉਂ ਕਾਇਮ ਹੈ, ਸਗੋਂ ਮੋਦੀ ਹਕੂਮਤ ਆਉਣ ਤੋਂ ਬਾਅਦ ਇਸਦੀ ਵਰਤੋਂ ਥੋਕ ਰੂਪ ਵਿੱਚ ਲੋਕਾਂ ਨੂੂੰ ਜੇਲ੍ਹਾਂ ‘ਚ ਡੱਕਣ ਲਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਇਸ ਕਾਨੂੰਨ ਦੀ ਜਾਇਜ਼ਤਾ ਬਾਰੇ ਅਤੇ ਦੁਰਵਰਤੋਂ ਬਾਰੇ ਸਵਾਲ ਉਠਾ ਚੁੱਕੀ ਹੈ।
ਕਿਸਾਨ-ਆਗੂਆਂ ਨੇ ਸਿਰਸਾ ਵਿੱਚ ਪੁਲਸ ਵੱਲੋਂ ਕਿਸਾਨਾਂ ਵਿਰੁੱਧ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਦੀ ਅਤੇ ਚੰਡੀਗੜ ਪੁਲਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਲਾਠੀਚਾਰਜ਼ ਕਰਨ ਅਤੇ ਉਨ੍ਹਾਂ ਨੂੂੰ ਗ੍ਰਿਫਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਅਜਿਹੇ ਜਾਬਰ ਹੱਥਕੰਡੇ ਕਿਸਾਨਾਂ ਦੀ ਹੱਕੀ ਆਵਾਜ਼ ਨੂੂੰ ਦਬਾ ਨਹੀਂ ਸਕਦੇ।
ਦਿੱਲੀ-ਮੋਰਚਿਆਂ ਦੀ ਮਜ਼ਬੂਤੀ ਲਈ ਨੌਜਵਾਨਾਂ ਅਤੇ ਔਰਤਾਂ ਦੀ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਵਾਉਣ ਲਈ ਜਥੇਬੰਦੀਆਂ ਵੱਲੋਂ ਪਿੰਡਾਂ ‘ਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਕਾਫ਼ਲੇ ਦਿੱਲੀ ਲਈ ਰਵਾਨਾ ਕੀਤੇ ਜਾ ਰਹੇ ਹਨ। ਬਠਿੰਡਾ, ਸੰਗਰੂਰ, ਬਰਨਾਲਾ, ਪਟਿਆਲਾ, ਰੋਪੜ, ਮਾਨਸਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਗੁਰਦਾਸਪੁਰ ਸਮੇਤ ਵੱਖ-ਵੱਖ ਜਿਲ੍ਹਿਆਂ ਤੋਂ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਕਾਫ਼ਲੇ ਦਿੱਲੀ-ਮੋਰਚਿਆਂ ਲਈ ਰਵਾਨਾ ਹੋਏ।
ਬਰਨਾਲਾ ‘ਚ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਨੌਜਵਾਨਾਂ ਦੀ ਸੂਬਾਈ-ਕਨਵੈਨਸ਼ਨ ਆਯੋਜਿਤ ਕੀਤੀ ਗਈ ਅਤੇ ਬੁਲਾਰਿਆਂ ਨੇ ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਸੰਘਰਸ਼ਾਂ ਲਈ ਡਟ ਜਾਣ ਦਾ ਸੰਦੇਸ਼ ਦਿੱਤਾ।
ਪੰਜਾਬ ਭਰ ‘ਚ ਜਾਰੀ ਕਰੀਬ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ਦੇ 291ਵੇਂ ਦਿਨ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ ਹੁਣ ਤੱਕ 500 ਤੋਂ ਉੱਪਰ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਕੇਂਦਰ- ਸਰਕਾਰ ਅੰਦੋਲਨ ਦੀਆਂ ਮੰਗਾਂ ਮੰਨਣ ਦੀ ਬਜਾਏ ਜ਼ਬਰ ਦੇ ਹੱਥਕੰਡੇ ਅਪਣਾਉਣਾ ਲੋਚਦੀ ਹੈ, ਜੋ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੋਵੇਗਾ। ਕਿਉਂਕਿ ਕਿਸਾਨ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਮਰ ਮਿਟਣ ਲਈ ਤਿਆਰ ਹਨ।