ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਤੇ ਪੰਜਾਬ,ਹਰਿਆਣਾ ,ਚੰਡੀਗੜ੍ਹ, ਦਿੱਲੀ ਰਹੇ ਮੁਕੰਮਲ ਤੌਰ ਤੇ ਬੰਦ
ਚੰਡੀਗੜ੍ਹ, 27 ਸਤੰਬਰ(ਵਿਸ਼ਵ ਵਾਰਤਾ)ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਦੇ ਦਿੱਤੇ ਨੂੰ ਅੱਜ ਸੱਦੇ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਇਨ੍ਹਾਂ ਰਾਜਾਂ ਵਿਚ ਮੈਡੀਕਲ ਸਮੇਤ ਜ਼ਰੂਰੀ ਸੇਵਾਵਾਂ ਹੀ ਚਾਲੂ ਵੇਖਣ ਨੂੰ ਮਿਲੀਆਂ, ਬਾਕੀ ਸਾਰੇ ਕਿਤੇ ਸੂਬਾਈ ਅਤੇ ਕੌਮੀ ਮਾਰਗ ਬੰਦ ਹੋਣ ਕਾਰਨ ਸੁੰਨੇ ਪਏ ਸਨ।ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ।
ਰੇਲਵੇ ਵਿਭਾਗ ਦੇ ਇਕ ਅਧਿਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਵਿਚ 70 ਤੋਂ ਵੱਧ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਾਂ ਰੋਕ ਲਿਆ ਗਿਆ ਹੈ।ਪੂਰੇ ਬਜ਼ਾਰ ਬੰਦ ਸਨ ਅਤੇ ਸ਼ਹਿਰਾਂ ਵਿਚ ਰੋਜ਼ ਵਾਲੀ ਚਹਿਲ ਪਹਿਲ ਵੀ ਵੇਖਣ ਨੂੰ ਨਹੀਂ ਮਿਲਦੀ ਸੀ।
ਸ਼ਹਿਰਾਂ ਅਤੇ ਪਿੰਡਾਂ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਤੇ ਹੋਰ ਸੰਸਥਾਵਾਂ ਵਿੱਚ ਬੱਚਿਆਂ ਨੂੰ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ ਸੀ।
ਇਸ ਬੰਦ ਨੂੰ ਲੈਕੇ ਕਾਂਗਰਸ ਸਮੇਤ ਸਾਰੀਆਂ ਵੱਡੀਆਂ ਪਾਰਟੀਆਂ ਭਾਜਪਾ ਤੇ ਉਸ ਦੇ ਭਾਈਵਾਲਾਂ ਨੂੰ ਛੱਡ ਕੇ ਸਭ ਨੇ ਸਮਰਥਨ ਦਿੱਤਾ ਹੋਇਆ ਹੈ।
ਥਾਂ ਥਾਂ ਧਰਨਿਆਂ ਉਤੇ ਕਿਸਾਨਾਂ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਸੀ, ਲੰਗਰ ਪਾਣੀ ਚਾਹ ਰੋਟੀ ਦਾ ਬਕਾਇਦਾ ਬੰਦੋਬਸਤ ਸੀ। ਕਿਸਾਨਾਂ ਨੇ ਰਸਤਿਆਂ ਨੂੰ ਟਰੈਕਟਰ ਖੜ੍ਹੇ ਕਰਕੇ ਰੋਕਿਆ ਗਿਆ ਸੀ। ਪ੍ਰੈਸ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਨੂੰ ਲੰਘਾਇਆ ਜਾ ਰਿਹਾ ਸੀ ਅਤੇ ਧਰਨਿਆਂ ਉਤੇ ਪੁਲੀਸ ਪਾਰਟੀਆਂ ਵੱਡੀ ਗਿਣਤੀ ਵਿਚ ਤਾਇਨਾਤ ਸਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।