ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 377 ਵਾਂ ਦਿਨ
ਸ਼ਹੀਦ ਕਿਸਾਨ ਦਿਵਸ ਮੌਕੇ ਧਰਨਿਆਂ ‘ਚ ਜਨਤਕ ਸੈਲਾਬ; ਅਨੇਕਾਂ ਪਿੰਡਾਂ ‘ਚ ਧਾਰਮਿਕ ਸਥਾਨਾਂ ‘ਚ ਅੰਤਿਮ ਅਰਦਾਸਾਂ
ਬਹੁਤ ਭਾਵੁਕ ਅਤੇ ਸੋਗਮਈ ਮਾਹੌਲ ‘ਚ ਦੋ ਮਿੰਟ ਦਾ ਮੌਨ ਧਾਰ ਕੇ ਲਖੀਮਪੁਰ-ਖੀਰੀ ਦੇ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ
ਅੰਦੋਲਨ ਨੂੰ ਹੋਰ ਮਜ਼ਬੂਤ ਕਰ ਕੇ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਲਖੀਮਪੁਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ: ਕਿਸਾਨ ਆਗੂ
ਸੈਂਕੜੇ ਥਾਵਾਂ ‘ਤੇ ਕੈਂਡਲ ਮਾਰਚ ਕੀਤੇ, ਘਰਾਂ ਮੂਹਰੇ ਪੰਜ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਯਾਦ ਕੀਤਾ
ਚੰਡੀਗੜ੍ਹ,12 ਅਕਤੂਬਰ (ਵਿਸ਼ਵ ਵਾਰਤਾ):- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਲਖੀਮਪੁਰ ਖੇੜੀ ਅਤੇ ਅੰਦੋਲਨ ਦੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ‘ਸ਼ਹੀਦ ਕਿਸਾਨ ਦਿਵਸ’ ਮਨਾਇਆ ਗਿਆ। ਪੰਜਾਬ ਭਰ ‘ਚ 500 ਤੋਂ ਵੱਧ ਥਾਵਾਂ ‘ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਅਤੇ 3 ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ। 108 ਥਾਵਾਂ ‘ਤੇ ਜਾਰੀ ਪੱਕੇ-ਧਰਨੇ ਵੀ 377 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਸਵੇਰ ਸਮੇਂ ਵੱਖ ਵੱਖ ਪਿੰਡਾਂ ਵਿੱਚ ਧਾਰਮਿਕ ਸਭਾਵਾਂ ਆਯੋਜਿਤ ਕਰ ਕੇ ਸ਼ਹੀਦਾਂ ਲਈ ਅੰਤਿਮ ਅਰਦਾਸਾਂ ਕੀਤੀਆਂ ਗਈਆਂ। ਧਰਨਿਆਂ ਵਿੱਚ ਅੱਜ ਹਾਜ਼ਰੀ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾਂ ਵਧੇਰੇ ਸੀ। ਬਹੁਤ ਹੀ ਸੋਗਮਈ ਤੇ ਭਾਵੁਕ ਮਾਹੌਲ ਦੌਰਾਨ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਂਟ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣੇ ਹੀ ਲਖੀਮਪੁਰ-ਖੀਰੀ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਲਈ ਸਾਨੂੰ ਆਪਣੇ ਏਕੇ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਦੇ ਹੋਏ ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਸਿੱਧੇ ਜਿਸਮਾਨੀ ਹਮਲਿਆਂ ‘ਤੇ ਉਤਰ ਆਈ ਸਰਕਾਰ ਵਿਰੁੱਧ ਢੁੱਕਵੀਂ ਨਵੀਂ ਰਣਨੀਤੀ ਘੜਨੀ ਪਵੇਗੀ।
ਕੇਂਦਰ ਸਰਕਾਰ ਪੂਰੀ ਤਰ੍ਹਾਂ ਬੌਖਲਾ ਗਈ ਹੈ। ਇਸ ਨੂੰ ਕਿਸਾਨ ਅੰਦੋਲਨ ਦਾ ਕੋਈ ਤੋੜ੍ਹ ਨਹੀਂ ਲੱਭ ਰਿਹਾ। ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਇਸ ਕੋਲ ਕੋਈ ਜਵਾਬ ਨਹੀਂ ਹੈ। 11 ਗੇੜ ਦੀ ਚੱਲੀ ਗੱਲਬਾਤ ਦੌਰਾਨ ਕਿਸਾਨ ਆਗੂ ਸਰਕਾਰ ਨੂੰ ਇਖਲਾਕੀ ਤੌਰ ‘ਤੇ ਹਰਾ ਚੁੱਕੇ ਹਨ। ਕਿਸਾਨ ਅੰਦੋਲਨ ਦੀ ਦਿਨ-ਬ ਦਿਨ ਵਧ ਰਹੀ ਤਾਕਤ ਮੂਹਰੇ ਬੇਬਸ ਸਰਕਾਰ ਹੁਣ ਨੰਗੀ ਚਿੱਟੀ ਗੁੰਡਾਗਰਦੀ ‘ਤੇ ਉਤਰ ਆਈ ਹੈ। ਇੱਕ ਕੇਂਦਰੀ ਮੰਤਰੀ ਦੇ ਹੰਕਾਰੇ ਛੋਹਰ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਗੱਡੀ ਚੜ੍ਹਾ ਦਿੱਤੀ। ਪੰਜ ਕਿਸਾਨ ਸ਼ਹੀਦ ਕਰਨ ਬਾਅਦ ਵੀ ਸਰਕਾਰ ਨੇ ਕੋਈ ਅਫਸੋਸ ਪ੍ਰਗਟ ਨਹੀਂ ਕੀਤਾ।
ਹੁਣ ਤੱਕ ਕਿਸਾਨ ਸੰਘਰਸ਼ ਪ੍ਰਤੀ ਇਸ ਦੀ ਬੇਲਾਗਤਾ ਅਤੇ ਹਰ ਹੀਲੇ ਸਾਮਰਾਜੀ ਨੀਤੀਆਂ ਲਾਗੂ ਕਰਨ ਦਾ ਹਠ ਹਜ਼ਾਰਾਂ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ। ਪਰ ਲੋਕਾਂ ਦਾ ਸਬਰ ਅਜ਼ਮਾਉਣ, ਢੀਠ ਚੁੱਪ ਧਾਰਨ ਕਰਨ ਅਤੇ ਸੰਘਰਸ਼ ਨੂੰ ਲਟਕਾ ਕੇ ਖੋਰਨ ਦਾ ਹਥਿਆਰ ਵੀ ਮਨ ਇੱਛਤ ਸਿੱਟੇ ਨਹੀਂ ਕੱਢ ਸਕਿਆ। ਲੋਕਾਂ ਦਾ ਸਬਰ ਅਜਮਾਉਂਦੀ ਹੋਈ ਹਕੂਮਤ ਦਾ ਆਪਣਾ ਸਬਰ ਦਮ ਤੋੜਦਾ ਜਾ ਰਿਹਾ ਹੈ। ਹੁਣ ਅਜਿਹੀਆਂ ਗੁੰਡਾ ਤਾਕਤਾਂ ਰਾਹੀਂ ਜੂਝ ਰਹੀਆਂ ਕਿਸਾਨ ਸਫ਼ਾਂ ਅੰਦਰ ਦਹਿਸ਼ਤ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਮਹੀਨਿਆਂ ਵਿੱਚ ਲੋਕ ਲਾਮਬੰਦੀ ਸਦਕਾ ਭਾਜਪਾ ਆਗੂਆਂ ਨੂੰ ਥਾਂ ਥਾਂ ਜ਼ਲੀਲ ਹੋਣਾ ਪਿਆ ਹੈ ਅਤੇ ਉਹ ਮੁਕੰਮਲ ਨਿਖੇੜੇ ਦੀ ਹਾਲਤ ਵਿੱਚ ਸੁੱਟੇ ਗਏ ਹਨ। ਸੱਤਾਧਾਰੀ ਧਿਰ ਦਾ ਲੋਕ ਆਧਾਰ ਬੁਰੀ ਤਰ੍ਹਾਂ ਖੁਰ ਰਿਹਾ ਹੈ ਤੇ ਉਹ ਹਰ ਹੀਲੇ ਇਸ ਹਾਲਤ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਹੈ। ਜੂਝ ਰਹੇ ਲੋਕਾਂ ਨੂੰ ਇਸ ਹਕੂਮਤ ਦੇ ਜਾਬਰ ਹਥਕੰਡਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਸਾਨ ਘੋਲ ਦਾ ਹੁਣ ਤੱਕ ਦਾ ਸਫ਼ਰ ਹਰ ਸੱਟ ਦੇ ਨਾਲ ਹੋਰ ਮਜ਼ਬੂਤ ਹੁੰਦੇ ਜਾਣ ਦਾ ਸਫ਼ਰ ਹੈ।