ਸੰਯੁਕਤ ਕਿਸਾਨ ਮੋਰਚਾ: ਕਿਸਾਨ ਜਥੇਬੰਦੀਆਂ ਨੇ ਮਨਾਇਆ ਕਿਸਾਨ-ਮਜ਼ਦੂਰ ਸੰਗਰਾਮ ਦਿਵਸ
ਪ੍ਰਧਾਨ ਮੰਤਰੀ ਦੇ ਲਾਲ ਕਿਲ੍ਹੇ ਵਾਲੇ ਭਾਸ਼ਣ ‘ਚ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਤੋਂ ਸਿਵਾਏ ਕੁੱਝ ਵੀ ਨਵਾਂ ਨਹੀਂ: ਕਿਸਾਨ ਆਗੂ
ਖੁੱਲ੍ਹੀ ਮੰਡੀ ਦੇ ਪੈਰੋਕਾਰ ਅਰਥ- ਸ਼ਾਸਤਰੀਆਂ ਨੇ ਕਿਸਾਨਾਂ ਨੂੰ ਧੋਖਾ ਦਿੱਤਾ: ਕਿਸਾਨ ਆਗੂ
ਚੰਡੀਗੜ੍ਹ,16 ਅਗਸਤ : 32 ਕਿਸਾਨ- ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 108 ਥਾਵਾਂ ‘ਤੇ ਜਾਰੀ ਪੱਕੇ-ਧਰਨਿਆਂ ਸਮੇਤ ਵੱਖ-ਵੱਖ ਥਾਵਾਂ ‘ਤੇ ਕਿਸਾਨ-ਮਜ਼ਦੂਰ ਸੰਗਰਾਮ ਦਿਵਸ ਮਨਾਇਆ ਗਿਆ।
ਬੁਲਾਰਿਆਂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਕੱਲ੍ਹ 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਕੀਤੀ ਤਕਰੀਰ ਦੀ ਚੀਰਫਾੜ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦਾ ਨਾਂਅ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਾਰ ਪ੍ਰਧਾਨ ਮੰਤਰੀ ਨੇ ਗੁੰਮਰਾਹ ਕਰਨ ਲਈ ਛੋਟੇ ਕਿਸਾਨਾਂ ਨੂੰ ਮੁੱਖ ਨਿਸ਼ਾਨਾ ਬਣਾਇਆ। ਸਰਕਾਰ ਕਿਸਾਨਾਂ ਨੂੰ ਵੱਖ ਵੱਖ ਵਰਗਾਂ ਵਿੱਚ ਵੰਡ ਕੇ ਸ਼ਾਇਦ ਅੰਦੋਲਨ ਵਿੱਚ ਤਰੇੜ੍ਹਾਂ ਪਾਉਣੀਆਂ ਚਾਹੁੰਦੀ ਹੈ।ਇਹ ਕਾਲੇ ਖੇਤੀ ਕਾਨੂੰਨ ਸਭ ਵਰਗਾਂ ਦੇ ਕਿਸਾਨਾਂ, ਮਜਦੂਰਾਂ, ਛੋਟੇ ਤੇ ਮੱਧਵਰਗੀ ਵਪਾਰੀਆਂ ਤੇ ਕਾਰੋਬਾਰੀਆਂ ਸਮੇਤ ਸਾਰੇ ਖਪਤਕਾਰਾਂ ਲਈ ਖਤਰਨਾਕ ਹਨ। ਪ੍ਰਧਾਨ ਮੰਤਰੀ ਨੇ ਆਪਣੀ ਤਕਰੀਰ ਰਾਹੀਂ,ਹਰ ਸਾਲ ਦੀ ਤਰ੍ਹਾਂ, ਘਿਸੇ-ਪਟੇ ਸ਼ਬਦਜਾਲ ਰਾਹੀਂ ਕਿਸਾਨਾਂ ਤੇ ਹੋਰ ਸਭ ਵਰਗਾਂ ਦੇ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾਉਣ ਦੀ ਕੋਸ਼ਿਸ਼ ਕੀਤੀ। ਕਿਸਾਨ ਸਮਝ ਚੁੱਕੇ ਕਨ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਨ੍ਹਾਂ ਦਾ ਛੁਟਕਾਰਾ ਨਹੀਂ।
ਬੁਲਾਰਿਆਂ ਨੇ ਅੱਜ ਉਨ੍ਹਾਂ ਅਰਥ- ਸ਼ਾਸਤਰੀਆਂ ਨੂੰ ਵੀ ਨਿਸ਼ਾਨੇ ‘ ਤੇ ਲਿਆ ਜੋ ਖੁੱਲ੍ਹੀ ਮੰਡੀ ਅਰਥਾਤ ਨਿੱਜੀਕਰਨ ਨੂੰ ਹੀ ਹਰ ਸਮੱਸਿਆ ਦਾ ਹੱਲ ਦੱਸਦੇ ਹਨ।ਆਗੂਆਂ ਨੇ ਕਿਹਾ ਕਿ ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵਾਲਾ ਵਿਕਾਸ ਮਾਡਲ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਫੇਲ੍ਹ ਹੋ ਚੁਕਿਆ ਹੈ। ਭਾਰਤ ਵਿੱਚ ਤਾਂ ਇਹ ਕਾਰਪੋਰੇਟੀ ਮਾਡਲ ਬਿਲਕੁੱਲ ਵੀ ਸਫਲ ਨਹੀਂ ਹੋ ਸਕਦਾ।ਆਰਥਿਕਤਾ ਦੇ ਦੂਸਰੇ ਖੇਤਰਾਂ ਵਿੱਚ ਪਹਿਲਾਂ ਹੀ ਬਹੁਤ ਜਿਆਦਾ ਬੇਰੁਜ਼ਗਾਰੀ ਹੋਣ ਕਾਰਨ ਖੇਤੀ ਖੇਤਰ ‘ਚੋਂ ਕੱਢੇ ਜਾਣ ਵਾਲੇ ਕਿਸਾਨਾਂ ਨੂੰ ਉਥੇ ਰੁਜਗਾਰ ਨਹੀਂ ਦਿੱਤਾ ਜਾ ਸਕਦਾ। ਸੋ ਕਾਰਪੋਰੇਟ ਪੱਖੀ ਵਿਕਾਸ ਮਾਡਲ ਨੂੰ ਤਿਆਗ ਕੇ ਲੋਕ-ਪੱਖੀ ਵਿਕਾਸ ਮਾਡਲ ਅਪਣਾਉਣਾ ਹੀ ਇੱਕੋ ਇੱਕ ਹੱਲ ਹੈ।