ਸੰਤ ਸੀਚੇਵਾਲ ਦਾ ‘ਟੈੱਕ ਫਾਰ ਸੇਵਾ : ਲੀਡਰਸ਼ਿੱਪ ਐਕਸਾਲੈਂਸੀ ਐਵਾਰਡ’ ਨਾਲ ਸਨਮਾਨ
ਸੁਲਤਾਨਪੁਰ ਲੋਧੀ, 25 ਸਤੰਬਰ (ਵਿਸ਼ਵ ਵਾਰਤਾ):-ਉੱਨਤ ਭਾਰਤ ਅਭਿਆਨ ਅਤੇ ਵਿਭਾ ਸੰਸਥਾਵਾਂ ਵੱਲੋਂ ਪਾਣੀਆਂ ’ਤੇ ਕੰਮ ਕਰ ਰਹੇ ਵਾਤਾਵਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਡਾਕਟਰ ਰਾਜੀਵ ਆਹੂਜਾ ਨੂੰ ‘ਟੈੱਕ ਫਾਰ ਸੇਵਾ : ਲੀਡਰਸ਼ਿੱਪ ਐਕਸਾਲੈਂਸੀ ਐਵਾਰਡ’ ਦਿੱਤੇ ਗਏ। ਇਹ ਸਮਾਗਮ ਆਨਲਾਈਨ ਹੋਇਆ ਜਿਹੜਾ ਸਵੇਰੇ 11.30 ਵਜੇ ਤੋਂ ਦੁਪਹਿਰ 1.00 ਵਜੇ ਤੱਕ ਚੱਲਿਆ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਜੈਅੰਤ ਸਹਾਸਰਾਬੁੱਧੇ, ਕੋਸ਼ਨੀ ਆਨੰਦ ਅਰੋ਼ੜਾ, ਡਾ. ਰਜਨੀਸ਼ ਅਰੋੜਾ, ਡਾ. ਸੁਲਤਾਨ ਸਿੰਘ, ਡਾ. ਮਨੋਹਰ ਸਿੰਘ ਰਠੌਰ ਅਤੇ ਡਾ. ਅਨਿਲ ਕੇ ਗੁਪਤਾ ਆਦਿ ਸ਼ਾਮਲ ਸਨ। ਕੋਸ਼ਨੀ ਆਨੰਦ ਅਰੋੜਾ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ’ਤੇ ਕੰਮ ਕਰ ਰਹੀਆਂ ਸ਼ਖ਼ਸੀਅਤਾਂ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਪਲੀਤ ਹੋ ਰਹੇ ਦਰਿਆਵਾਂ ਦੇ ਪਾਣੀਆਂ ਨੂੰ ਸੁਧਾਰਨ ਲਈ ਚਰਚਾ ਕੀਤੀ ਜਾ ਸਕੇ ਕਿ ਗੰਦੇ ਪਾਣੀਆਂ ਨੂੰ ਕਿਵੇਂ ਸੌਖੇ ਢੰਗ ਨਾਲ ਸਾਫ ਕੀਤਾ ਜਾ ਸਕਦਾ ਹੈ।
ਸਮਾਗਮ ਦੌਰਾਨ ਜਲ-ਕਥਾ ’ਤੇ ਹੋਈ ਚਰਚਾ ਦੌਰਾਨ ਉੱਤਰੀ ਭਾਰਤ ’ਚ ਵਗਦੇ ਦਰਿਆਵਾਂ ਦੇ ਪਾਣੀਆਂ ਦੀ ਗੁਣਵੱਤਾ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਪਲੀਤ ਦਰਿਆਵਾਂ ਨੂੰ ਸਾਫ ਕਰਨ ਅਤੇ ਇਸ ਕੰਮ ਨੂੰ ਤਕਨੀਕੀ ਤੌਰ ’ਤੇ ਕਿਵੇਂ ਕੰਮ ਕੀਤਾ ਜਾ ਸਕਦਾ ਹੈ ਉਸ ’ਤੇ ਜ਼ੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਸੰਨ 2000 ਤੋਂ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਨੂੰ ਸਾਫ ਕਰਨ ਦੀ ਕਾਰ ਸੇਵਾ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀਆਂ ਵੱਖ-ਵੱਖ ਡਰੇਨਾਂ, ਸਤਲੁਜ ਦਰਿਆ ਤੇ ਬੁੱਢੇ ਨਾਲੇ ਦੇ ਪਲੀਤ ਹੋ ਰਹੇ ਪਾਣੀਆਂ ਵਿਰੁੱਧ ਵੱਡੇ ਪੱਧਰ ’ਤੇ ਜਾਗਰੂਕਤਾ ਮੁਹਿੰਮ ਛੇੜੀ ਹੋਈ ਹੈ। ਇਸੇ ਕਾਰਨ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਬਣਾਇਆ ਗਿਆ ਸੀ ਤੇ ਹੁਣ ਨੈਸ਼ਨਲ ਗ੍ਰੀਨ ਟ੍ਰਿਿਬਊਨਲ ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ।
ਡਾ. ਰਾਜੀਵ ਆਹੂਜਾ ਸਵੀਡਨ ਤੋਂ ਵਾਪਸ ਆ ਕੇ ਇਥੇ ਆਈਆਈਟੀ ਰੋਪੜ ਵਿਚ ਡਾਇਰੈਕਟਰ ਦੇ ਅਹੁਦੇ ’ਤੇ ਕੰਮ ਕਰ ਰਹੇ ਹਨ ਅਤੇ ਉਹ ਤਕਨੀਕੀ ਤੌਰ ’ਤੇ ਇਸ ਦਾ ਹੱਲ ਕੱਢਣ ’ਤੇ ਲੱਗੇ ਹੋਏ ਹਨ।