ਲੇਖਕ ਗੁਰਬਚਨ ਭੁੱਲਰ ਹੋਣਗੇ ਸਰਪ੍ਰਸਤ, ਉਘੇ ਚਿੰਤਕ ਡਾ. ਸੁਖਦੇਵ ਸਿੰਘ ਕਨਵੀਨਰ
ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) – ਆਪਣੀਆਂ ਸ਼ਾਹਕਾਰ ਲੋਕ-ਪੱਖੀ ਅਤੇ ਅਗਾਂਹਵਧੂ ਰਚਨਾਵਾਂ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਵਿਸ਼ਵ-ਪੱਧਰੀ ਮੁਕਾਮ ਹਾਸਿਲ ਕਰਨ ਵਾਲੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ ਦਾ ਜਨਮ ਸ਼ਤਾਬਦੀ ਵਰ੍ਹਾ (2 ਦਸੰਬਰ 2019 ਤੋਂ 2 ਦਸੰਬਰ 2020) ਵਿਸ਼ਵ ਪੱਧਰ ਉਪਰ ਮਨਾਉਂਣ ਲਈ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਤਾਲਮੇਲ ਕਮੇਟੀ ਦਾ ਗਠਨ ਪ੍ਰਸਿੱਧ ਲੇਖਕ ਗੁਰਬਚਨ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਕੀਤਾ ਗਿਆ ਹੈ।ਪਦਮਸ੍ਰੀ ਡਾ. ਸੁਰਜੀਤ ਪਾਤਰ ਅਤੇ ਲੇਖਕ ਡਾ. ਗੁਲਜ਼ਾਰ ਸਿੰਘ ਸੰਧੂ ਸਲਾਹਕਾਰ ਥਾਪੇ ਗਏ ਹਨ।ਇਸ ਕਮੇਟੀ ਦੇ ਕਨਵੀਨਰ ਉੱਘੇ ਚਿੰਤਕ ਡਾ. ਸੁਖਦੇਵ ਸਿਰਸਾ, ਕੋ-ਕਨਵੀਨਰ ਦਰਸ਼ਨ ਬੁੱਟਰ (ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਚਰਚਿੱਤ ਸ਼ਾਇਰ ਗੁਰਨਾਮ ਕੰਵਰ ਤੋਂ ਇਲਾਵਾ ਕਮੇਟੀ ਦੇ ਜਨਰਲ ਸੱਕਤਰ ਨਾਟਕਕਾਰ ਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਹੋਣਗੇ।
ਇਸ ਤੋਂ ਇਲਾਵਾ ਮੈਂਬਰਾਂ ਵਿਚ ਡਾ. ਰਵਿੰਦਰ ਭੱਠਲ, (ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ), ਡਾ. ਸਵਰਾਜਬੀਰ, ਸੁਕਰੀਤ, ਡਾ. ਲਾਭ ਸਿੰਘ ਖੀਵਾ, ਡਾ. ਸਰਬਜੀਤ ਸਿੰਘ, ਮਨਜੀਤ ਇੰਦਰਾ, ਸੁਰਜੀਤ ਜੱਜ, ਸ਼ਾਮ ਸਿੰਘ, ਸੁਵਰਨ ਸਿੰਘ ਵਿਰਕ, ਜਤਿੰਦਰ ਪਨੂੰ, ਕੇਸਰ ਸਿੰਘ ਨੀਰ ਤੇ ਰਮਨਜੀਤ ਸਿੱਧੂ (ਕੈਨੇਡਾ), ਕੇਹਰ ਸ਼ਰੀਫ (ਜਰਮਨ), ਰਣਜੀਤ ਧੀਰ ਤੇ ਕਮਲ ਧਾਲੀਵਾਲ (ਇੰਗਲੈਂਡ), ਸਰਬਜੀਤ ਸੋਹੀ (ਆਸਟਰੇਲੀਆ) ਅਤੇ ਕੁਲਵਿੰਦਰ ਕੌਰ ਕੋਮਲ (ਦੁਬਈ) ਹੋਣਗੇ।
ਤਾਲਮੇਲ ਕਮੇਟੀ ਦੇਸ਼/ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਤੇ ਸਭਿਆਚਾਰ ਲਈ ਸਰਗਰਮ ਸੰਸਥਾਵਾਂ/ਅਦਾਰਿਆਂ/ਵਿਅਕਤੀਆਂ ਤੋਂ ਇਲਾਵਾ ਭਾਰਤ ਅਤੇ ਪੰਜਾਬ ਸਰਕਾਰ ਨਾਲ ਲੋਕ ਨਾਇਕ ਸੰਤੋਖ ਸਿੰਘ ਧੀਰ ਨੂੰ ਉਨਾਂ ਦੀ ਜਨਮ ਸ਼ਤਾਬਦੀ ਮੌਕੇ ਢੁਕਵੇਂ ਰੂਪ ਵਿਚ ਯਾਦ ਕਰਨ ਲਈ ਤਾਲਮੇਲ ਕਮੇਟੀ ਰਾਬਤਾ ਕਾਇਮ ਕਰੇਗੀ।