ਲੁਧਿਆਣਾ 24 ਫਰਵਰੀ (ਵਿਸ਼ਵ ਵਾਰਤਾ):- ਸੰਤੁਲਤ ਪਹੁੰਚ ਕਾਰਨ ਹੀ “ਹੁਣ” ਵਰਗੇ ਸਾਹਿੱਤਕ ਰਸਾਲਿਆਂ ਦੀ ਸਾਰਥਿਕਤਾ ਕਾਇਮ ਹੈ। ਚੌਮਾਸਿਕ ਸਾਹਿੱਤਕ ਮੈਗਜ਼ੀਨ ਹੁਣ ਦੇ 48ਵੇ ਅੰਕ ਨੂੰ ਪੰਜਾਬੀ ਕਵੀ ਮਨਜਿੰਦਰ ਧਨੋਆ ਦੇ ਸਪੁੱਤਰ ਯੁਵਰਾਜ ਸਿੰਘ ਦੇ ਵਿਆਹ ਸਮਾਗਮਾਂ ਮੌਕੇ ਲੋਕ ਅਰਪਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪਹਿਲਾ ਵੱਡ ਆਕਾਰੀ ਮੈਗਜ਼ੀਨ ਸੀ ਜੋ ਇੰਗਲੈਂਡ ਵੱਸਦੇ ਪੰਜਾਬੀ ਕਵੀ ਸਵਰਗੀ ਅਵਤਾਰ ਜੰਡਿਆਲਵੀ ਦੀ ਪ੍ਰੇਰਨਾ ਨਾਲ ਸੁਸ਼ੀਲ ਦੋਸਾਂਝ ਨੇ ਲਗਪਗ ਡੇਢ ਦਹਾਕਾ ਪਹਿਲਾਂ ਸ਼ੁਰੂ ਕੀਤਾ। ਇਸ ਵਿੱਚ ਛਪਣਾ ਸਨਮਾਨ ਜਨਕ ਹੁੰਦਾ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਪਾਤਰ ਜੀ ਦੀ ਗੱਲ ਨਾਲ ਸਹਿਮਤੀ ਪਰਗਟ ਕਰਦਿਆਂ ਕਿਹਾ ਕਿ ਇਹ ਸੱਚਮੁੱਚ ਮੁੱਲਵਾਨ ਸਾਹਿੱਤ ਛਾਪਦਾ ਹੈ। ਮੈਂ ਵੀ ਕਈ ਸਾਲ ਇਸ ਵਿੱਚ ਛਪਣ ਨੂੰ ਤਰਸਿਆ ਹਾਂ। ਹੁਣ ਵਿੱਚ ਮੇਰੀ ਲੰਮੀ ਮੁਲਾਕਾਤ ਤਾਂ ਛਪ ਗਈ ਹੈ ਪਰ ਰਚਨਾਵਾਂ ਨੂੰ ਹਾਲੇ ਥਾਂ ਨਹੀਂ ਮਿਲਿਆ। “ਹੁਣ” ਸਹੀ ਅਰਥਾਂ ਵਿੱਚ ਪਾਰਖੂ ਸਾਹਿੱਤਕ ਪਰਚਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਵਿਸ਼ਵ ਸਾਹਿੱਤ ਦੇ ਉੱਚਤਮ ਨਮੂੰਨੇ ਛਾਪ ਕੇ ਸੁਸ਼ੀਲ ਸਾਹਿੱਤ ਦੀ ਵਿਸ਼ਵ ਖੱਮਕੀ ਖੋਲ੍ਹਦਾ ਹੈ।
ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਪ੍ਰੋ. ਜਸਵਿੰਦਰ ਧਨਾਨਸੂ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਸੁਰਿੰਦਰ ਕੌਰ ਭੱਠਲ, ਸ਼੍ਰੀਮਤੀ ਭੁਪਿੰਦਰ ਪਾਤਰ, ਕਮਲ ਦੋਸਾਂਝ, ਸਰਦਾਰਨੀ ਜਸਵਿੰਦਰ ਕੌਰ ਗਿੱਲ,ਜੀ ਜੀ ਐੱਨ ਖਾਲਸਾ ਕਾਲਿਜ ਦੇ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਸ਼ਰਨਜੀਤ ਕੌਰ, ਪ੍ਰਿੰਸੀਪਲ ਰਾਜਿੰਦਰ ਕੌਰ ਦਾਦ ਤੇ ਕੰਵਲਜੀਤ ਸਿੰਘ ਸ਼ੰਕਰ ਵੀ ਹਾਜ਼ਰ ਸਨ।
ਸੁਸ਼ੀਲ ਦੋਸਾਂਝ ਨੇ ਡਾ. ਸੁਰਜੀਤ ਪਾਤਰ ਤੇ ਬਾਕੀ ਲੇਖਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਵਿਆਹ ਦੇ ਜਸ਼ਨ ਵਿਚ ਸਾਹਿੱਤਕ ਰੰਗ ਘੋਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅੰਕ ਵਿੱਚ ਗੁਲ ਚੌਹਾਨ ਦੀ ਬਹੁਤ ਮੁੱਲਵਾਨ ਮੁਲਾਕਾਤ ਹੈ ਜਿਸ ਵਿੱਚ ਉਹ ਰੇਸ਼ਮੀ ਥਾਨ ਵਾਂਗ ਖੁੱਲ੍ਹਿਆ ਹੈ।