ਸੰਗਰੂਰ ਲੋਕ ਸਭਾ ਜਿਮਨੀ ਚੋਣਾਂ
ਚੰਡੀਗੜ੍ਹ,27 ਮਈ(ਵਿਸ਼ਵ ਵਾਰਤਾ)- ਸੰਗਰੂਰ ਲੋਕ ਸਭਾ ਸੀਟ ਲਈ ਜਿਮਨੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਵੱਖੋ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵਿਚਾਲੇ ਹੁਣ ਸੰਗਰੂਰ ਵਿਖੇ ਮੁੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਵੀ ਕਾਫੀ ਚਰਚਾ ਵਿੱਚ ਹਨ। ਇਹਨਾਂ ਪੋਸਟਰਾਂ ਤੇ ਸੀਐਮ ਦੀ ਭੈਣ ਮਨਪ੍ਰੀਤ ਕੌਰ ਨੂੰ ਇਸ ਵਾਰ ਐਮਪੀ ਬਣਾਉਣ ਬਾਰੇ ਲਿਖਿਆ ਹੋਇਆ ਹੈ । ਹਾਲਾਂਕਿ ਇਸ ਨੂੰ ਲੈ ਕੇ ਆਮ ਆਦਮ ਪਾਰਟੀ ਨੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪਰ,ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੋ ਵਾਰ ਲਗਾਤਾਰ ਜਿੱਤੀ ਗਈ ਸੰਗਰੂਰ ਲੋਕ ਸਭਾ ਸੀਟ ਇਸ ਵਾਰ ਫਿਰ ਤੋਂ ਜਿੱਤਣੀ ਆਮ ਆਦਮੀ ਪਾਰਟੀ ਲਈ ਬੇਹੱਦ ਮਹੱਤਵਪੂਰਨ ਹੋ ਗਈ ਹੈ। ਇਸ ਸੀਟ ਦੇ ਨਤੀਜੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹੁਣ ਤੱਕ ਦੇ ਕੰਮਾਂ ਅਤੇ ਪੰਜਾਬ ਦੇ ਲੋਕ ਉਹਨਾਂ ਤੋਂ ਕਿੰਨੇ ਸੰਤੁਸ਼ਟ ਹਨ,ਬਾਰੇ ਵੀ ਖੁਲਾਸਾ ਕਰਨਗੇ। ਦੱਸ ਦਈਏ ਕਿ ਉਪ ਚੋਣ ਅਗਲੇ ਮਹੀਨੇ 23 ਜੂਨ ਨੂੰ ਹੋਣੀ ਹੈ। ਨਤੀਜੇ 26 ਮਈ ਨੂੰ ਐਲਾਨੇ ਜਾਣਗੇ। 6 ਜੂਨ ਤੋਂ ਜ਼ਿਮਨੀ ਚੋਣ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ ਅਤੇ 9 ਜੂਨ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਹ ਸਾਰੀ ਪ੍ਰਕਿਰਿਆ 28 ਜੂਨ ਤੱਕ ਪੂਰੀ ਕਰ ਲਈ ਜਾਵੇਗੀ।