ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਅੱਜ ਪ੍ਰਚਾਰ ਦਾ ਆਖਿਰੀ ਦਿਨ
ਪੜ੍ਹੋ ਕਿਹੜੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਮੈਦਾਨ ‘ਚ ਅਤੇ ਕਿੰਨੇ ਵਜੇ ਬੰਦ ਹੋਵੇਗਾ ਚੋਣ ਪ੍ਰਚਾਰ
ਚੰਡੀਗੜ੍ਹ,21 ਜੂਨ(ਵਿਸ਼ਵ ਵਾਰਤਾ)- ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਅੱਜ ਪ੍ਰਚਾਰ ਦਾ ਆਖਿਰੀ ਦਿਨ ਹੈ। ਚੋਣ ਕਮਿਸ਼ਨ ਨੇ ਇੱਥੇ ਚੋਣ ਪ੍ਰਚਾਰ ਕਰ ਰਹੇ ਬਾਹਰੀ ਆਗੂਆਂ ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਜ਼ਿਲ੍ਹਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ। ਦੱਸ ਦਈਏ ਕਿ ਸੰਗਰੂਰ ਸੀਟ ਲਈ 23 ਜੂਨ ਨੂੰ ਵੋਟਾਂ ਪੈਣਗੀਆਂ। ਇੱਥੇ ਜਿਕਰਯੋਗ ਹੈ ਕਿ ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਆਮ ਆਦਮੀ ਪਾਰਟੀ ਨੇ ਇੱਥੋਂ ਸਰਪੰਚ ਗੁਰਮੇਲ ਸਿੰਘ ਘਰਾਂਚੋਂ ਨੂੰ ਟਿਕਟ ਦਿੱਤੀ ਹੈ। ਕਾਂਗਰਸ ਵੱਲੋਂ ਦਲਵੀਰ ਗੋਲਡੀ, ਭਾਜਪਾ ਵੱਲੋਂ ਕੇਵਲ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਮਲਜੀਤ ਕੌਰ ਰਾਜੋਆਣਾ ਚੋਣ ਮੈਦਾਨ ਵਿੱਚ ਹਨ। ਸੰਗਰੂਰ ਦੇ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਸ਼ਾਮ 6 ਵਜੇ ਧਾਰਾ 144 ਲਾਗੂ ਕਰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਪ੍ਰਵਾਨਗੀ ਤੋਂ ਬਿਨਾਂ ਜਨਤਕ ਮੀਟਿੰਗਾਂ ਅਤੇ ਇਕੱਠ ਕਰਨ ‘ਤੇ ਪਾਬੰਦੀ ਰਹੇਗੀ।
ਚੋਣ ਕਮਿਸ਼ਨ ਨੇ ਪੁਲਿਸ ਨੂੰ ਸ਼ਾਮ 6 ਵਜੇ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਹਨ। ਸੰਗਰੂਰ ਵਿੱਚ ਕੋਈ ਬਾਹਰੀ ਵਿਅਕਤੀ ਨਾ ਠਹਿਰੇ, ਇਸ ਲਈ ਉਹ ਹੋਟਲਾਂ, ਸਰਾਵਾਂ ਸਮੇਤ ਅਜਿਹੀਆਂ ਸਾਰੀਆਂ ਥਾਵਾਂ ਦੀ ਚੈਕਿੰਗ ਕਰਨਗੇ। ਜੇਕਰ ਕੋਈ ਬਾਹਰੀ ਵਿਅਕਤੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।ਇਸ ਦੇ ਨਾਲ ਹੀ ਦੱਸ ਦਈਏ ਕਿ 23 ਜੂਨ ਨੂੰ ਵੋਟਾਂ ਵਾਲੇ ਦਿਨ ਅਤੇ 26 ਜੂਨ ਨੂੰ ਗਿਣਤੀ ਵਾਲੇ ਦਿਨ ਸੰਗਰੂਰ ਵਿੱਚ ਡ੍ਰਾਈ ਡੇਅ ਰਹੇਗਾ।