ਸੰਗਰੂਰ ਲੋਕ ਸਭਾ ਸੀਟ ਜ਼ਿਮਨੀ ਚੋਣਾਂ ਲਈ ਤਿਆਰ
ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਤੋਂ ਲੈ ਕੇ ਇਹਨਾਂ ਆਗੂਆਂ ਦੇ ਮੈਦਾਨ ਵਿੱਚ ਉਤਰਨ ਦੇ ਹੋ ਰਹੇ ਨੇ ਚਰਚੇ
ਪੜ੍ਹੋ ਕਿਹੜੀ ਪਾਰਟੀ ਨੇ ਐਲਾਨਿਆ ਆਪਣਾ ਉਮੀਦਵਾਰ!- ਪੂਰੀ ਖਬਰ
ਚੰਡੀਗੜ੍ਹ,24 ਮਈ(ਵਿਸ਼ਵ ਵਾਰਤਾ)- ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਤੋਂ 14 ਮਾਰਚ ਨੂੰ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਇਹ ਸੀਟ ਲੋਕ ਸਭਾ ਜਿਮਨੀ ਚੋਣਾਂ ਲਈ ਖਾਲੀ ਹੋ ਗਈ ਸੀ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ 6 ਮਹੀਨਿਆਂ ਦੇ ਅੰਦਰ ਉਪ ਚੋਣ ਕਰਵਾਈ ਜਾਣੀ ਹੈ। ਜਿਸ ਦੇ ਮੁਤਾਬਕ 14 ਸਤੰਬਰ ਤੋਂ ਪਹਿਲਾਂ ਚੋਣ ਦੀ ਪ੍ਰਕਿਰਿਆ ਮੁਕੰਮਲ ਹੋਣੀ ਹੈ,ਪਰ ਇਸ ਤੋਂ ਪਹਿਲਾਂ ਵੀ ਇਸ ਦਾ ਐਲਾਨ ਕਿਸੇ ਵੀ ਵੇਲੇ ਹੋ ਸਕਦਾ ਹੈ। ਮੌਜੂਦਾ ਸਥਿਤੀ ਨੂੰ ਤੇ ਧਿਆਨ ਮਾਰਿਆ ਜਾਵੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਦੇ ਅਧੀਨ ਆਉਣ ਵਾਲੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ਤੇ ਕਬਜਾ ਕੀਤਾ ਹੈ। ਇਹਨਾਂ ਵਿੱਚ ਸੰਗਰੂਰ, ਧੂਰੀ, ਦਿੜ੍ਹਬਾ, ਲਹਿਰਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ ਅਤੇ ਮਾਲੇਰਕੋਟਲਾ ਸ਼ਾਮਿਲ ਹਨ। ਪਿਛਲੀਆਂ 2 ਲੋਕ ਸਭਾ ਚੋਣਾਂ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ 9 ਵਿੱਚੋਂ 8 ਸੀਟਾਂ ਤੇ ਭਾਰੀ ਬਹੁਮਤ ਨਾਲ ਜਿੱਤਦੇ ਆ ਰਹੇ ਹਨ। ਹਾਲਾਂਕਿ ਕਿਸੇ ਵੀ ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ,ਪਿਛਲੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਇੱਥੋਂ ਚੋਣ ਲੜਨ ਦੇ ਚਰਚੇ ਕਾਫੀ ਜੋਰਾਂ ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਬਣਾ ਕੇ ਉਤਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਜੇਕਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ(ਸੰਯੁਕਤ) ਨਾਲ ਗੱਠਜੋੜ ਕਾਇਮ ਰਹਿੰਦਾ ਹੈ ਤਾਂ ਪਰਮਿੰਦਰ ਸਿੰਘ ਢੀਂਡਸਾ ਇੱਕ ਵਾਰ ਫਿਰ ਤੋਂ ਇੱਥੋਂ ਚੋਣ ਲੜ ਸਕਦੇ ਹਨ। ਇਸ ਦੇ ਨਾਲ ਹੀ ਪਿਛਲੇ ਹਫਤੇ ਸੰਗਰੂਰ ਦੌਰੇ ਤੇ ਆਏ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ 2009 ਵਿੱਚ ਇੱਥੋਂ ਜਿੱਤ ਪ੍ਰਾਪਤ ਕਰਨ ਵਾਲੇ ਵਿਜੇ ਇੰਦਰ ਸਿੰਗਲਾ ਨਾਲ ਮਿਲਣੀ ਤੋਂ ਬਾਅਦ ਇਹ ਵੀ ਕਿਆਸੇ ਲਗਾਏ ਜਾ ਰਹੇ ਹਨ ਕਿ ਕਾਂਗਰਸ ਇਸ ਵਾਰ ਵੀ ਸਿੰਗਲਾ ਤੇ ਭਰੋਸਾ ਜਤਾ ਸਕਦੀ ਹੈ। ਇਸ ਸਭ ਤੋਂ ਇਲਾਵਾ ਅਕਾਲੀ-ਬਸਪਾ ਗੱਠਜੋੜ ਵੱਲੋਂ ਵੀ ਕਿਸੇ ਤਕੜੇ ਉਮੀਦਵਾਰ ਨੂੰ ਇੱਥੋਂ ਉਤਾਰਨ ਦੀ ਗੱਲ ਕਹੀ ਗਈ ਹੈ। ਹੁਣ ਤੱਕ ਸਿਰਫ ਇੱਕ ਹੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਨੂੰ ਲੈ ਕੇ ਪੱਤੇ ਸਾਫ ਕੀਤੇ ਗਏ ਹਨ। ਵਿਧਾਨ ਸਭਾ ਚੋਣਾਂ ਵਿੱਚ ਅਮਰਗੜ੍ਹ ਦੀ ਸੀਟ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਮੁੁੜ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਹਨ। ਮਾਨ ਨੂੰ ਉਹਨਾਂ ਦੀ ਪਾਰਟੀ ਵੱਲੋਂ ਸੰਗਰੂਰ ਉਪ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ।