ਸੰਗਰੂਰ ਲੋਕ ਸਭਾ ਜ਼ਿਮਨੀ
ਪੜ੍ਹੋ ਕਿੰਨੇ ਫੀਸਦੀ ਹੋਈ ਵੋਟਿੰਗ ਅਤੇ ਚੋਣ ਕਮੀਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ ਡੀਸੀ ਤੋਂ ਕਿਉਂ ਮੰਗਿਆ ਸਪੱਸ਼ਟੀਕਰਨ
ਚੰਡੀਗੜ੍ਹ,24 ਜੂਨ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਹੋਈ ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੀ ਅੰਤਿਮ ਮਤਦਾਨ ਪ੍ਰਤੀਸ਼ਤ ਦੇ ਅੰਕੜੇ ਜਾਰੀ ਕਰ ਦਿੱਤੇ ਗਏ ਹਨ। ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਧੂਰੀ ਹਲਕੇ ਵਿੱਚ ਸਭ ਤੋਂ ਵੱਧ 48.26% ਜਦਕਿ ਲਹਿਰਾ ਹਲਕੇ ਵਿੱਚ ਸਭ ਤੋਂ ਘੱਟ 43.1% ਮਤਦਾਨ ਦਰਜ ਕੀਤਾ ਗਿਆ। ਮਲੇਰਕੋਟਲਾ ਵਿੱਚ 47.66%, ਸੁਨਾਮ ਵਿੱਚ 47.22%, ਦਿੜ੍ਹਬਾ ਵਿੱਚ 46.77%, ਸੰਗਰੂਰ ਵਿੱਚ 44.96%, ਭਦੌੜ ਵਿੱਚ 44.54%, ਮਹਿਲ ਕਲਾਂ ਵਿੱਚ 43.8% ਅਤੇ ਬਰਨਾਲਾ ਵਿੱਚ 41.43% ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਕੁੱਲ ਮਿਲਾ ਕੇ 45.30ਫੀਸਦੀ ਮਤਦਾਨ ਹੋਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਵਿੱਚ 72.44% ਮਤਦਾਨ ਦਰਜ ਕੀਤਾ ਗਿਆ ਸੀ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਵੋਟਿੰਗ ਦਾ ਸਮਾਂ ਸ਼ਾਮ 7 ਵਜੇ ਤੱਕ ਵਧਾਉਣ ਦੀ ਅਪੀਲ ਕੀਤੀ ਸੀ । ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਫਿਰ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਚੋਣ ਕਮਿਸ਼ਨ ਨੇ ਅੱਗੇ ਕਿਹਾ ਕਿ ਉਹ ਚੋਣ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਦੇ ਅਜਿਹੇ ਵਿਵਹਾਰ ਦੀ ਨਿੰਦਾ ਕਰਦੀ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੰਗਰੂਰ ਸੀਟ ਤੋਂ ਸੀਐੱਮ ਮਾਨ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤ ਹਾਸਲ ਕੀਤੀ ਸੀ।