ਸੰਗਰੂਰ ਪੁਲਿਸ ਵੱਲੋਂ ਲੁੱਟ ਖੋਹ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਗਿਰੋਹ ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
ਚੰਡੀਗੜ੍ਹ,8 ਨਵੰਬਰ(ਵਿਸ਼ਵ ਵਾਰਤਾ)-ਗੈਂਗਸਟਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਮੁਹਿੰਮ ਦੌਰਾਨ ਸੰਗਰੂਰ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦੇ ਖੇਤਰ ਵਿੱਚ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹਨਾ ਵਿਆਕਤੀਆ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਆਲਮਪੁਰ ਡ੍ਰੇਨ ਤੋ ਦੋ ਗੱਡੀਆ ਅਤੇ ਨਜਾਇਜ ਹਥਿਆਰਾ ਸਮੇਤ ਕਾਬੂ ਕੀਤਾ ਗਿਆ ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਦੇਸੀ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਕੀਤਾ ਹੈ। ਹਥਿਆਰਾਂ ਅਤੇ ਗੋਲਾ ਬਾਰੂਦ ਦਾ ਮੂਲ ਸਥਾਨ ਮੱਧ ਪ੍ਰਦੇਸ਼ ਦੱਸਿਆ ਜਾਂਦਾ ਹੈ।
ਕੁਲਦੀਪ ਸਿੰਘ ਵਾਸੀ ਮੂਨਕ ਇੱਕ ਬੂਟਲੈਗਰ ਅਤੇ ਸ਼ਰਾਬ ਤਸਕਰ ਹੈ ਜੋ ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਹੈ। ਉਸ ਵਿਰੁੱਧ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਅਤੇ ਆਬਕਾਰੀ ਐਕਟ ਦੇ ਕਈ ਕੇਸ ਦਰਜ ਹਨ। ਅੰਮ੍ਰਿਤਪਾਲ, ਬੂਟਾ ਸਿੰਘ ਅਤੇ ਨਿੱਕਾ ਸਿੰਘ,ਜੋ ਕਿ ਸਾਰੇ ਮਾਨਸਾ ਜਿਲਾ ਦੇ ਰਹਿਣ ਵਾਲੇ ਹਨ, ਅਤੇ ਹਾਈਵੇ ਡਕੈਤੀਆਂ ਅਤੇ ਲੁੱਟਾ- ਖੋਹਾ ਵਿੱਚ ਸ਼ਾਮਲ ਸਨ। ਅਸ਼ੋਕ ਕੁਮਾਰ ਜੋ ਕਿ ਜੀਂਦ, ਹਰਿਆਣਾ ਦਾ ਵਸਨੀਕ ਹੈ, ਇਸ ਇਲਾਕੇ ਦਾ ਹਥਿਆਰਾਂ ਦਾ ਮੁੱਖ ਤਸਕਰ ਹੈ। ਉਸ ਦੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਹ ਮੱਧ ਪ੍ਰਦੇਸ਼ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਅਤੇ ਪੰਜਾਬ ਅਤੇ ਵਿਦੇਸ਼ਾਂ ਵਿੱਚ ਰਹਿਦੇ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਹੈ।
ਜਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਸੰਗਰੂਰ ਪੁਲਿਸ ਨੇ 11ਗੈਰ ਕਾਨੂਨੀ ਹਥਿਆਰ ਬਰਾਮਦ ਕੀਤੇ ਹਨ ਅਤੇ ਹਥਿਆਰਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ 16 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉੱਪ ਕਪਤਾਨ ਪੁਲਿਸ ਲਹਿਰਾ ਮਨੋਜ ਗੋਰਸੀ, ਪੀਪੀਐਸ ਅਤੇ ਐਸਐਚਓ ਲਹਿਰਾ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸਥਾਨਕ ਪੁਲੀਸ ਪਿਛਲੇ 40 ਦਿਨਾਂ ਤੋਂ ਅਸ਼ੋਕ ਕੁਮਾਰ ਦੀਆਂ ਹਰਕਤਾਂ ’ਤੇ ਨਜ਼ਰ ਰੱਖ ਰਹੀ ਸੀ, ਜੋ ਦੋਵਾਂ ਰਾਜਾਂ ਵਿੱਚਕਾਰ ਆਸਾਨ ਆਵਾਜਾਈ ਕਾਰਨ ਗ੍ਰਿਫ਼ਤਾਰੀ ਤੋਂ ਬਚਣ ਵਿੱਚ ਕਾਮਯਾਬ ਰਿਹਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਆਧੁਨਿਕ ਗੈਰ-ਕਾਨੂੰਨੀ ਹਥਿਆਰ ਮਸ਼ੀਨ ਨਾਲ ਬਣੇ ਹੁੰਦੇ ਹਨ ਅਤੇ ਇਨ੍ਹਾਂ ਦੀ ਕੀਮਤ ਹੱਥ ਨਾਲ ਬਣੇ ਗੈਰ-ਕਾਨੂੰਨੀ ਹਥਿਆਰਾਂ ਤੋਂ ਵੀ ਜ਼ਿਆਦਾ ਹੁੰਦੀ ਹੈ।
ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਐਸ.ਐਸ.ਪੀ ਸੰਗਰੂਰ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਗ੍ਰਿਫਤਾਰੀ ਨਾਲ ਨਿਸ਼ਚਿਤ ਤੌਰ ‘ਤੇ ਇਸ ਇਲਾਕੇ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ‘ਤੇ ਰੋਕ ਲੱਗ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਥਿਆਰਾਂ ਦੇ ਤਸਕਰਾਂ ਦੁਆਰਾ ਮੱਧ ਪ੍ਰਦੇਸ ਤੋਂ ਪੰਜਾਬ ਤੱਕ ਵਰਤੇ ਗਏ ਰੂਟ ਅਤੇ ਮਨੀ ਟ੍ਰੇਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ।