ਸੜਕ ਹਾਦਸੇ ਵਿੱਚ 2 ਭਰਾਵਾਂ ਦੀ ਮੌਤ
ਚੰਡੀਗੜ੍ਹ, 1 ਨਵੰਬਰ(ਵਿਸ਼ਵ ਵਾਰਤਾ) ਦੀਵਾਲੀ ਦੀ ਰਾਤ ਇਕ ਮੰਦਭਾਗੀ ਘਟਨਾ ਵਾਪਰਨ ਕਾਰਨ 2 ਭਰਾਵਾਂ ਦੀ ਮੌਤ ਹੋ ਗਈ। ਰਾਤ ਦੇ ਕਰੀਬ ਦਸ ਵਜੇ ਤੇਜ਼ ਰਫ਼ਤਾਰ ਮੋਟਰਸਾਈਕਲ ਇੱਕ ਨਾਲੇ ਦੀ ਪੁਲੀ ਨਾਲ ਟਕਰਾ ਗਿਆ, ਇਸ ਹਾਦਸੇ ‘ਚ ਬਾਈਕ ਸਵਾਰ ਦੋ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਝਬਾਲ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕਸਬਾ ਝਬਾਲ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਰਾਜ ਕੁਮਾਰ ਅਤੇ ਮੰਤੋਸ਼ ਕੁਮਾਰ ਪੀਓਪੀ ਦਾ ਕੰਮ ਕਰਦੇ ਸਨ, ਜਿਹਨਾਂ ਦੀ ਉਮਰ 19 ਤੇ 21 ਸਾਲ ਹੈ। ਜਦੋਂ ਉਹ ਕੰਮ ਤੋਂ ਵਾਪਸ ਪਰਤ ਰਹੇ ਸਨ ਤਾਂ ਰਾਤ ਨੂੰ ਕਰੀਬ 10 ਵਜੇ ਰਸਤੇ ‘ਚ ਪਿੰਡ ਗੱਗੋਬੁਆ ਸਥਿਤ ਡ੍ਰੇਨ ਦੀ ਪੁਲੀ ਨਾਲ ਉਨ੍ਹਾਂ ਦੀ ਬਾਈਕ ਟਕਰਾ ਗਈ। ਹਾਦਸੇ ਦੌਰਾਨ ਦੋਵੇਂ ਸਕੇ ਭਰਾ ਸਿਰ ਭਾਰ ਸੜਕ ‘ਤੇ ਡਿੱਗੇ। ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। ਡਵੀਜ਼ਨ ਤਰਨਤਾਰਨ ਦੇ ਡੀਐੱਸਪੀ ਕਮਲਮੀਤ ਸਿੰਘ ਨੇ ਦੱਸਿਆ ਕਿ ਥਾਣਾ ਝੱਬਾਲ ਦੇ ਇੰਚਾਰਜ ਪਰਮਜੀਤ ਸਿੰਘ ਵਿਰਦਾ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।