ਸੜਕ ਹਾਦਸੇ ਦੌਰਾਨ ਨੌਜਵਾਨ ਔਰਤ ਦੀ ਮੌਤ
ਸਾਦਿਕ, 14 ਜੂਨ (ਵਿਸ਼ਵ ਵਾਰਤਾ)-ਅੱਜ ਸਵੇਰੇ 10 ਕੁ ਵਜੇ ਸਾਦਿਕ-ਮੁਕਤਸਰ ਸੜਕ ‘ਤੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਔਰਤ ਦੀ ਮੌਤ ਹੋ ਗਈ| ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਰੋਸ਼ਨ ਨਾਲ ਬਿਜਲੀ ਵਾਲਾ ਦੀ ਨੂੰਹ ਯੋਗਿਤਾ ਪਤਨੀ ਗੁਰਪ੍ਰੀਤ ਸਿੰਘ ਸਵੇਰੇ ਆਪਣੀ ਸਾਥਣ ਨਾਲ ਜਿੰਮ ਜਾ ਕੇ ਵਾਪਸ ਪਰਤ ਰਹੀ ਸੀ | ਰਸਤੇ ਵਿੱਚ ਅਚਾਨਕ ਸਕੂਟਰੀ ਸੜਕ ਵਿੱਚ ਪਏ ਟੋਏ ਵਿੱਚ ਵੱਜਣ ਕਾਰਨ ਉਹਨਾਂ ਦਾ ਸੰਤੁਲਨ ਵਿਗੜ ਗਿਆ ਤੇ ਸਕੂਟਰੀ ਚਲਾ ਰਹੀ ਔਰਤ ਰੁਚਿਕਾ ਅਰੋੜਾ ਸੜਕ ਦੇ ਕਿਨਾਰੇ ਵਾਲੇ ਪਾਸੇ ਡਿੱਗ ਪਈ ਜਦੋਂ ਕਿ ਪਿੱਛੇ ਬੈਠੀ ਯੋਗਤਾ ਬਜਾਜ ਸੜਕ ਵਾਲੇ ਪਾਸੇ ਨੂੰ ਡਿੱਗ ਪਈ | ਇਸ ਦੌਰਾਨ ਸਾਦਿਕ ਬੱਸ ਅੱਡੇ ਤੋਂ ਸ਼੍ਰੀ ਮੁਕਤਸਰ ਸਾਹਿਬ ਨੂੰ ਚੱਲੀ ਬੱਸ ਉਥੇ ਆ ਗਈ ਤੇ ਯੋਗਿਤਾ ਦਾ ਸਿਰ ਟਾਇਰ ਨਾਲ ਜਾ ਵੱਜਾ ਤੇ ਸਿਰ ਬੁੱਰੀ ਤਰਾਂ ਫਿੱਸ ਗਿਆ | ਬੱਸ ਡਰਾਈਵਰ ਨੇ ਇੱਕ ਵਾਰ ਬੱਸ ਰੋਕੀ ਤੇ ਹਾਦਸਾ ਦੇਖ ਕੇ ਬੱਸ ਤੋਰ ਕੇ ਲੈ ਗਿਆ ਤਾਂ ਜਗਮੋਹਨ ਸਿੰਘ ਬਰਾੜ ਤੇ ਸਾਥੀਆਂ ਨੇ ਗੱਡੀ ਮਗਰ ਲਗਾ ਕੇ ਬੱਸ ਨੂੰ ਸ਼੍ਰੀ ਮੁਕਤਸਰ ਸਾਹਿਬ ਕੋਲੋ ਵਾਪਸ ਮੋੜ ਕੇ ਥਾਣਾ ਸਾਦਿਕ ਲਿਆਦਾਂ | ਨੇੜਲੇ ਦੁਕਾਨਦਾਰਾਂ ਨੇ ਤੁਰੰਤ ਯੋਗਿਤਾ ਨੂੰ ਚੁੱਕ ਕੇ ਕਾਰ ਵਿੱਚ ਪਾ ਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲੈ ਗਏ ਜਿਥੇ ਉਸ ਦੀ ਮੌਤ ਹੋ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਸਾਦਿਕ ਪੁਲਿਸ ਮੌਕੇ ਤੇ ਪੁੱਜੀ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਆਰੰਭ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਸ ਦੁਖਦਾਈ ਘਟਨਾ ਨਾਲ ਜਿਥੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਥੇ ਹੀ ਲੋਕਾਂ ਵੱਲੋਂ ਸੜਕ ਬਣਾਉਣ ਨੂੰ ਲੈ ਕੇ ਕੰਮ ਰੋਕਣ ਵਾਲੇ ਸਮਾਜ ਸੇਵੀਆਂ ਨੂੰ ਵੀ ਕੋਸਿਆ ਗਿਆ ਕਿ ਕਿਸ ਤਰਾਂ ਉਨਾਂ ਕਾਰਨ ਨਿਤ ਦਿਨ ਕੀਮਤੀ ਜਾਨਾਂ ਜਾ ਰਹੀਆਂ ਹਨ | ਮਿ੍ਤਕ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਬੇਟੀਆਂ ਨੂੰ ਰੋਂਦਿਆਂ ਛੱਡ ਗਈ |