ਅੰਮ੍ਰਿਤਸਰ, 29 ਅਗਸਤ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿੱਖਾਂ ਦੀ ਜੁਝਾਰੂ ਖੇਡ ਗੱਤਕਾ ਨੂੰ ਪ੍ਰਫੁੱਲਿਤ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਕਲਗੀਧਰ ਗੱਤਕਾ ਅਖਾੜਾ ਦੇ ਸਹਿਯੋਗ ਨਾਲ ਬਟਾਲਾ ਵਿਖੇ ਗੱਤਕਾ ਮੁਕਾਬਲਾ ਕਰਵਾਇਆ ਗਿਆ।
ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਗੁਰਨਾਮ ਸਿੰਘ ਜੱਸਲ, ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਨੇ ਇਸ ਗੱਤਕਾ ਮੁਕਾਬਲੇ ਦੀ ਆਰੰਭਤਾ ਕਰਵਾਈ। ਇਸ ਮੁਕਾਬਲੇ ਵਿਚ ਸਿੱਖ ਨੌਜੁਆਨਾਂ ਨੇ ਬਹੁਤ ਹੀ ਕੁਸ਼ਲਤਾ ਤੇ ਜੋਸ਼ ਨਾਲ ਗੱਤਕੇ ਦੇ ਜ਼ੌਹਰ ਦਿਖਾਏ। ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ ਅਤੇ ਐਡੀਸ਼ਨਲ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਵਿਅਕਤੀਗਤ ਫਾਈਟ ਮੁਕਾਬਲੇ ਵਿਚ ਪਹਿਲਾ ਸਥਾਨ ਖਿਡਾਰੀ ਸ਼ਮਸ਼ੇਰ ਸਿੰਘ, ਦੂਜਾ ਸਥਾਨ ਨਰਿੰਦਰ ਸਿੰਘ ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਪ੍ਰਾਪਤ ਕਰਨ ਵਾਲੇ ਜੇਤੂ ਖਿਡਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕ੍ਰਮਵਾਰ ੭੧੦੦/-, ੫੦੦੦/- ਅਤੇ ੪੦੦੦/- ਰੁਪਏ ਇਨਾਮ ਵਜੋਂ ਦਿੱਤੇ ਗਏ। ਮੁਕਾਬਲੇ ਦੀਆਂ ਜੇਤੂ ਟੀਮਾਂ ਵਿਚੋਂ ਪਹਿਲਾ ਸਥਾਨ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਕੁਰਾਲੀ, ਦੂਜਾ ਸਥਾਨ ਅਮਿਤੋਜ ਗੱਤਕਾ ਅਕੈਡਮੀ ਅੰਮ੍ਰਿਤਸਰ ਅਤੇ ਤੀਜਾ ਸਥਾਨ ਗੁਰੂ ਅਰਜਨ ਦੇਵ ਗੱਤਕਾ ਅਖਾੜਾ ਉੜਮੁੜ ਟਾਂਡਾ ਨੂੰ ਵੀ ਕ੍ਰਮਵਾਰ ੧੧੦੦੦/-, ੭੦੦੦/- ਅਤੇ ੫੦੦੦/- ਰੁਪਏ ਨਗਦ ਇਨਾਮ ਦਿੱਤੇ ਗਏ। ਇਸ ਤੋਂ ਇਲਾਵਾ ਗੱਤਕਾ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਬਾਕੀ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ. ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਡਾ. ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਅਤੇ ਸਿੱਖ ਨੌਜੁਆਨਾਂ ਨੂੰ ਇਸ ਖੇਡ ਪ੍ਰਤੀ ਰੁਚਿਤ ਕਰਨ ਲਈ ਵੱਡੇ ਪੱਧਰ ‘ਤੇ ਯਤਨ ਆਰੰਭੇ ਗਏ ਹਨ, ਜਿਸ ਅਨੁਸਾਰ ਛੇਵੇਂ ਪਾਤਸ਼ਾਹ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਵੱਖ-ਵੱਖ ਥਾਵਾਂ ‘ਤੇ ਵਿਸ਼ਾਲ ਗੱਤਕਾ ਮੁਕਾਬਲੇ ਵੀ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਗੱਤਕਾ ਸਿੱਖਾਂ ਦੀ ਸੱਭਿਆਚਾਰਕ ਤੇ ਵਿਰਾਸਤੀ ਖੇਡ ਹੈ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਵੀ ਗੱਤਕਾ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਨੌਜੁਆਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਚਲਾਈ ਇਸ ਪ੍ਰੰਪਰਾ ਅਨੁਸਾਰ ਸ਼ਸਤਰ ਵਿੱਦਿਆ ਦੇ ਅਭਿਆਸ ਲਈ ਰੁਚਿਤ ਹੋਈਏ ਤਾਂ ਜੋ ਸਿੱਖ ਵਿਰਾਸਤ ਹੋਰ ਪ੍ਰਫੁੱਲਤ ਹੋ ਸਕੇ।
ਇਸ ਮੌਕੇ ਗੁਰਦੁਆਰਾ ਕੰਧ ਸਾਹਿਬ ਦੇ ਮੈਨੇਜਰ ਸ. ਗੁਰਤਿੰਦਰਪਾਲ ਸਿੰਘ, ਬਾਬਾ ਹਰਜੀਤ ਸਿੰਘ ਯੂ.ਕੇ. ਵਾਲੇ, ਸ. ਗੁਰਮੀਤ ਸਿੰਘ, ਸ. ਰਜਵੰਤ ਸਿੰਘ, ਗੱਤਕਾ ਇੰਚਾਰਜ ਸ. ਹਰਦੀਪ ਸਿੰਘ ਪਟਿਆਲਾ ਅਤੇ ਗੱਤਕਾ ਕੋਚ ਸ. ਸੁਪ੍ਰੀਤ ਸਿੰਘ, ਸ. ਇੰਦਰਪਾਲ ਸਿੰਘ, ਸ. ਮਨਜੀਤ ਸਿੰਘ, ਸ. ਗੁਰਮੀਤ ਸਿੰਘ, ਸ. ਗੁਰਿੰਦਰ ਸਿੰਘ, ਸ. ਚੰਨਦੀਪ ਸਿੰਘ ਅਤੇ ਸ. ਜਸਬੀਰ ਸਿੰਘ ਆਦਿ ਹਾਜ਼ਰ ਸਨ।