ਸੋਨੀਪਤ ‘ਚ ਮਿਲੀ ਨਵਜੰਮੇ ਬੱਚੇ ਦੀ ਲਾਸ਼
ਚੰਡੀਗੜ੍ਹ 18 ਜਨਵਰੀ(ਵਿਸ਼ਵ ਵਾਰਤਾ)- ਹਰਿਆਣਾ ਦੇ ਸੋਨੀਪਤ ਦੇ ਰਥਧਾਨਾ ਰੋਡ ‘ਤੇ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ।ਲਾਸ਼ ਨੂੰ ਲਾਲ ਕੱਪੜੇ ਵਿੱਚ ਲਪੇਟਿਆ ਹੋਇਆ ਸੀ।ਜਾਣਕਾਰੀ ਅਨੁਸਾਰ ਕੁੱਝ ਬੱਚੇ ਇਕੱਠੇ ਹੋਕੇ ਲਾਸ਼ ਨੂੰ ਦੇਖ ਰਹੇ ਸਨ ਤਾਂ ਉੱਥੋਂ ਲੰਘ ਰਹੇ ਬੀਏ ਦੇ ਵਿਦਿਆਰਥੀ ਸਾਗਰ ਦਾ ਧਿਆਨ ਇਸ ਪਾਸੇ ਗਿਆ। ਸਾਗਰ ਦੀ ਸੂਚਨਾ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲੋੜੀਂਦੀ ਕਾਰਵਾਈ ਤੋਂ ਬਾਅਦ ਨਵਜੰਮੇ ਬੱਚੇ ਦੇ ਭਰੂਣ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿੰਡ ਲਿਵਾਸਪੁਰ ਦੇ ਸਾਗਰ ਨੇ ਦੱਸਿਆ ਕਿ ਉਹ ਬੀਏ ਦੂਜੇ ਸਾਲ ਦਾ ਵਿਦਿਆਰਥੀ ਹੈ। ਬੀਤੀ ਸ਼ਾਮ ਉਹ ਸੈਰ ਕਰਨ ਲਈ ਰਥਧਾਣਾ ਰੋਡ ਵੱਲ ਜਾ ਰਿਹਾ ਸੀ। ਜਦੋਂ ਉਹ ਗੋਲਡ ਪਲੱਸ ਕੰਪਨੀ ਨੇੜੇ ਪਹੁੰਚਿਆ ਤਾਂ ਗੇਟ ਦੇ ਸਾਹਮਣੇ ਪਈ ਖਾਲੀ ਥਾਂ ‘ਤੇ ਕੁਝ ਬੱਚੇ ਝੁੰਡ ਬਣਾ ਕੇ ਖੜ੍ਹੇ ਸਨ। ਕੁਝ ਹੋਣ ਦਾ ਸ਼ੱਕ ਹੋਣ ਕਾਰਨ ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਥੇ ਲਾਲ ਕੱਪੜਾ ਪਿਆ ਹੋਇਆ ਮਿਲਿਆ। ਦੇਖਿਆ ਕਿ ਇੱਕ ਨਵਜੰਮੇ ਬੱਚੇ ਦਾ ਭਰੂਣ ਇਸ ਲਾਲ ਕੱਪੜੇ ਵਿੱਚ ਲਪੇਟਿਆ ਹੋਇਆ ਸੀ। ਉੱਥੇ ਖੜ੍ਹੇ ਬੱਚੇ ਵੀ ਉਸ ਵੱਲ ਦੇਖ ਰਹੇ ਸਨ। ਸਾਗਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਨਵਜੰਮੇ ਬੱਚੇ ਦੀ ਲਾਸ਼ ਦੇਖੀ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਸੇ ਨੇ ਨਵਜੰਮੇ ਬੱਚੇ ਨੂੰ ਜਨਮ ਦੇ ਕੇ ਉਸ ਦੀ ਗਰਭਅਵਸਥਾ ਨੂੰ ਛੁਪਾਉਣ ਲਈ ਜਾਂ ਨਾਜਾਇਜ਼ ਬੱਚੇ ਦੇ ਜਨਮ ਕਾਰਨ ਕੱਪੜੇ ਵਿੱਚ ਲਪੇਟ ਕੇ ਇੱਥੇ ਸੁੱਟ ਦਿੱਤਾ ਹੈ। ਪੁਲੀਸ ਨੇ ਸਾਗਰ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਧਾਰਾ 318 ਤਹਿਤ ਕੇਸ ਦਰਜ ਕਰ ਲਿਆ ਹੈ।