“ਸੇਫ ਸਿਟੀ ਪ੍ਰੋਜੈਕਟ” ਦੇ ਵਧੀਆ ਨਤੀਜਿਆਂ ਤਹਿਤ ਕਪੂਰਥਲਾ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੇ ਇੱਕ ਸਨੈਚਰ ਗਿਰੋਹ ਦਾ ਪਰਦਾਫਾਸ਼ ਕਰਦਿਆਂ, ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਸ਼ੁਰੂਆਤੀ ਪੜਾਅ ਵਿੱਚ ਸੋਨਾ ਖੋਹਣ ਅਤੇ ਵਾਹਨ ਚੋਰੀ ਦੀਆਂ ਅੱਠ ਘਟਨਾਵਾਂ ਦੇ ਹੱਲ ਕਰਨ ਦਾ ਦਾਅਵਾ ਕੀਤਾ ਹੈ
6 ਖੋਹੀਆਂ ਸੋਨੇ ਦੀਆਂ ਵਾਲੀਆਂ, ਦੋ ਚੋਰੀ ਕੀਤੀਆਂ ਬਾਈਕ ਅਤੇ ਇਕ ਐਕਟਿਵਾ ਸਕੂਟੀ ਜ਼ਬਤ ਕਰੋ
ਕਪੂਰਥਲਾ, 10 ਜੁਲਾਈ, 2021 : ਸੇਫ ਸਿਟੀ ਪ੍ਰੋਜੈਕਟ ਅਧੀਨ ਝਪਟਮਾਰੀ ਵਾਲੇ ਇਲਾਕਿਆਂ ਵਿੱਚ ਚੌਕਸੀ ਵਧਾਉਣ ਨਾਲ ਕਪੂਰਥਲਾ ਪੁਲਿਸ ਨੂੰ ਚੰਗੇ ਨਤੀਜੇ ਸਾਹਮਣੇ ਆਏ ਹਨ, ਜਿਸਨੇ ਸੋਨੇ ਦੀਆਂ ਵਾਲਿਆਂ ਖੋਹਣ ਅਤੇ ਵਾਹਨ ਚੋਰੀ ਦੇ ਅੱਠ ਮਾਮਲਿਆਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਤਿੰਨ ਸਨੈਚਰਾਂ ਅਤੇ ਓਹਨਾਂ ਦੇ ਸਾਥੀ ਸੁਨਿਆਰੇ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਛੇ ਖੋਹੀਆਂ ਸੋਨੇ ਦੀਆਂ ਵਾਲੀਆਂ, ਦੋ ਚੋਰੀ ਕੀਤੇ ਹੋਏ ਮੋਟਰ ਸਾਇਕਲ ਅਤੇ ਇਕ ਐਕਟਿਵਾ ਸਕੂਟੀ ਜਿਸ ਦੀ ਵਰਤੋਂ ਵਾਰਦਾਤਾਂ ਕਰਨ ਲਈ ਕੀਤੀ ਜਾਂਦੀ ਸੀ ਨੂੰ ਬਰਾਮਦ ਕੀਤਾ ਗਿਆ ਹੈ।
ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਨਵੀਸ਼ ਉਰਫ ਨੋਨੀ , ਲਵਦੀਪ ਸਿੰਘ ਵਾਸੀਆਨ ਕੁਸ਼ਟ ਆਸ਼ਰਮ ਖੇਤਰ, ਹਰੀਸ਼ ਉਰਫ ਕਾਲਾ ਵਾਸੀ ਮੁਹੱਲਾ ਮਲਕਾਣਾ ਅਤੇ ਸੁਨਿਆਰੇ ਦੀ ਪਛਾਣ ਇਕਬਾਲ ਸਿੰਘ ਉਰਫ ਲਾਡੀ ਵਾਸੀ ਸਿਧਵਾਂ ਦੋਨਾ ਕਪੂਰਥਲਾ ਵਜੋਂ ਹੋਈ ਹੈ।
ਇੱਕ ਪ੍ਰੈਸ ਬਿਆਨ ਵਿੱਚ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਸੇਫ ਸਿਟੀ ਪ੍ਰੋਜੈਕਟ ਕੁਝ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਜਿਸਦੇ ਤਹਿਤ ਹਰ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਲਈ ਪੀ.ਸੀ,ਆਰ ਮੋਟਰਸਾਈਕਲ ਟੀਮਾਂ ਨੂੰ ਸ਼ਹਿਰ ਦੇ ਖੇਤਰ ਵਿੱਚ ਤਾਇਨਾਤ ਕੀਤਾ ਗਿਆ ਸੀ ਅਤੇ ਨਿਰਦੇਸ਼ ਦਿੱਤੇ ਗਏ ਸਨ ਕਿ ਸਨੇਚਿੰਗ ਅਤੇ ਹੋਰ ਅਪਰਾਧ ਵਾਲੇ ਸੰਭਾਵਿਤ ਖੇਤਰਾਂ ਵਿੱਚ ਸਮਾਜ-ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਤਿਖੀ ਨਜ਼ਰ ਰੱਖੀ ਜਾਵੇ।
ਐਸਐਸਪੀ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸ਼ਹਿਰ ਦੇ ਖੇਤਰ ਵਿਚ ਔਰਤਾਂ ਤੋਂ ਸੋਨਾ ਝਪਟਣ ਅਤੇ ਵਾਹਨ ਚੋਰੀ ਹੋਣ ਦੀਆਂ ਕੁਝ ਸ਼ਿਕਾਇਤਾਂ ਮਿਲੀਆਂ ਸਨ ਅਤੇ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਨਵੀਂ ਪੀਸੀਆਰ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਨੇੜਲੇ ਅਦਾਰਿਆਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ।
ਖੱਖ ਨੇ ਕਿਹਾ ਕਿ ਸੀਸੀਟੀਵੀ ਤੋਂ ਪਹਿਲਾ ਸੁਰਾਗ ਮਿਲਣ ਤੋਂ ਬਾਅਦ ਮੁਲਜ਼ਮ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਲਈ ਵੱਖ-ਵੱਖ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਸੰਭਾਵਿਤ ਰਸਤਿਆਂ ਤੇ ਚੈਕਿੰਗ ਲਈ ਭੇਜੀਆਂ ਗਿਆ, ਜਿੱਥੇ ਫੁਟੇਜ ਵਿਚ ਇਹ ਸਨੈਚਰ ਵੇਖੇ ਗਏ ਸਨ।
ਉਨ੍ਹਾਂ ਦੱਸਿਆ ਕਿ ਐਸਪੀ (ਡੀ) ਵਿਸ਼ਾਲਜੀਤ ਸਿੰਘ ਅਤੇ ਡੀਐਸਪੀ (ਡੀ) ਸਰਬਜੀਤ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਕਪੂਰਥਲਾ ਦੀ ਪੁਲਿਸ ਟੀਮਾਂ ਨੇ ਅਪਰਾਧੀਆਂ ਦਾ ਪਤਾ ਲਗਾਉਂਦੇ ਹੋਏ ਨਵੀਸ਼ ਉਰਫ ਨੋਨੀ, ਲਵਦੀਪ ਸਿੰਘ ਅਤੇ ਹਰੀਸ਼ ਉਰਫ ਕਾਲਾ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਓਹ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਓਹਨਾਂ ਦੇ ਕਬਜੇ ਚੋ ਚੋਰੀ ਕੀਤੇ 2 ਮੋਟਰ ਸਾਈਕਲ ਅਤੇ ਇਕ ਐਕਟਿਵਾ ਸਕੂਟੀ ਨੂੰ ਬਰਾਮਦ ਕੀਤਾ।
ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਹਨਾਂ ਵਲੋਂ ਕੀਤੇ ਗਏ ਅੱਠ ਅਪਰਾਧਾ ਦਾ ਇੰਕਸ਼ਾਫ ਕੀਤਾ, ਜਿਨ੍ਹਾਂ ਵਿੱਚ ਰਾਜਪੁਰ ਨੇੜੇ ਕਾਲਾ ਸੰਘਾ ਰੋਡ, ਵਡਾਲਾ ਰੇਲਵੇ ਫਲਾਈਓਵਰ ਨੇੜੇ ਪੈਟ੍ਰੋਲ ਪੰਪ ਕੋਲੋਂ, ਡੀਸੀ ਚੌਕ ਤੋਂ ਪੀਰ ਚੌਧਰੀ ਰੋਡ ਤੇ , ਕੰਜਾਲੀ ਰੋਡ ਪੈਟਰੋਲ ਪੰਪ, ਭਵਾਨੀਪੁਰ ਰੋਡ ਤੋਂ ਔਰਤਾਂ ਕੋਲੋਂ ਸੋਨੇ ਦੀਆਂ ਵਾਲਿਆਂ ਝਪਟਣ ਦੀਆਂ ਵਾਰਦਾਤਾਂ ਸ਼ਾਮਲ ਸਨ।
ਇਸੇ ਤਰ੍ਹਾਂ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਚੂਹੜ ਵਾਲੀ ਚੁੰਗੀ ਸਿਟੀ ਹਾਲ ਤੋਂ ਪਲਸਰ 150 ਸੀਸੀ ਮੋਟਰਸਾਈਕਲ ਚੋਰੀ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਜੋਤੀ ਚੌਕ ਜਲੰਧਰ ਨੇੜੇ ਇਕ ਡੀਲਰ ਕੋਲੋਂ ਇਕ ਮੋਟਰ ਸਾਈਕਲ ਚੋਰੀ ਕਰ ਲਿਆ ਸੀ, ਜਿਸ ਨੂੰ ਖਰੀਦ ਤੋਂ ਪਹਿਲਾਂ ਉਹ ਟੈਸਟ ਡਰਾਈਵ ਲਈ ਲੈ ਗਏ ਸਨ।
ਐਸਐਸਪੀ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੇ ਆਦੀ ਹਨ ਅਤੇ ਲੁੱਟੇ ਗਏ ਸਾਰੇ ਸੋਨੇ ਨੂੰ ਆਰਸੀਐਫ ਖੇਤਰ ਵਿਚ ਇੱਕ ਸੁਨਿਆਰੇ ਲਾਡੀ ਨੂੰ ਵੇਚਦੇ ਹਨ। ਪੁਲਿਸ ਦੀਆਂ ਟੀਮਾਂ ਨੇ ਸੁਨਿਆਰੇ ਲਾਡੀ ਨੂੰ ਵੀ ਜਾਣ ਬੁੱਝ ਕੇ ਚੋਰੀ ਕੀਤਾ ਸੋਨਾ ਖਰੀਦਣ ਲਈ ਗ੍ਰਿਫਤਾਰ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਾਰਤੀ ਦੰਡਾਵਲੀ ਦੀ ਧਾਰਾ 411,34 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਓਹਨਾਂ ਨੇ ਅੱਗੇ ਕਿਹਾ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ ।
ਸੇਫ ਸਿਟੀ ਪ੍ਰੋਜੈਕਟ ਦੇ ਚੰਗੇ ਨਤੀਜੇ ਨਿਕਲਣ ਦੇ ਨਾਲ, ਐਸਐਸਪੀ ਖੱਖ ਨੇ ਕਿਹਾ ਕਿ ਆਮ ਲੋਕਾਂ ਨੂੰ ਹੋਰ ਵਧੀਆ ਪੁਲਿਸ ਸੇਵਾਵਾਂ ਪ੍ਰਦਾਨ ਕਰਨ ਲਈ ਯਤਨ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਨੂੰ ਯਕੀਨੀ ਬਣਾਇਆ ਜਾਵੇਗਾ।