ਸੂਬੇ ਵਿੱਚ ਸਭ ਤੋਂ ਵੱਧ ਟੀਕਾਕਰਣ ਕਰ ਕੇ ਮੋਹਾਲੀ ਰਿਹਾ ਮੋਹਰੀ; ਜ਼ਿਲ੍ਹੇ ਦੇ 78 ਫੀਸਦ ਯੋਗ ਵਿਅਕਤੀਆਂ ਨੇ ਲਗਵਾਇਆ ਟੀਕਾ: ਗਿਰੀਸ਼ ਦਿਆਲਨ
ਐਸ.ਏ.ਐਸ. ਨਗਰ, 4 ਜੁਲਾਈ(ਵਿਸ਼ਵ ਵਾਰਤਾ)-:ਟੀਕਾਕਰਣ ਦੇ ਮਾਮਲੇ ਵਿੱਚ ਐਸ.ਏ.ਐਸ. ਨਗਰ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਐਸ.ਏ.ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ 78.58 ਪ੍ਰਤੀਸਤ ਯੋਗ ਵਿਅਕਤੀਆਂ ਦੇ ਟੀਕਾਕਰਣ ਨਾਲ ਐਸਏਐਸ ਨਗਰ ਸੂਬੇ ਦੇ ਮੋਹਰੀ ਜ਼ਿਲੇ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਟੀਕਾ ਲਗਾਉਣ ਵਾਲੀ ਆਬਾਦੀ ਵਿੱਚ 18 ਸਾਲ ਤੋਂ ਵੱਧ ਅਤੇ ਸਾਰੀਆਂ ਵਿਸ਼ੇਸ਼ ਸ੍ਰੇਣੀਆਂ ਵੀ ਸ਼ਾਮਲ ਹਨ।
ਉਹਨਾਂ ਕਿਹਾ ਕਿ ਜ਼ਿਲੇ ਦੇ ਸਿਵਲ ਅਤੇ ਮੈਡੀਕਲ ਅਧਿਕਾਰੀ ਮਿਲ ਕੇ ਕੰਮ ਕਰ ਰਹੇ ਹਨ। ਟੀਕਾਕਰਣ ਲਈ ਅਸੀਂ ਨਾ ਕੇਵਲ ਆਊਟਰੀਚ ਕੈਂਪਾਂ ਰਾਹੀਂ ਬਲਕਿ ਘਰ-ਘਰ ਜਾ ਲੋਕਾਂ ਤੱਕ ਪਹੁੰਚ ਕਰ ਰਹੇ ਹਾਂ । ਉਹਨਾਂ ਅੱਗੇ ਕਿਹਾ ਕਿ ਸ਼ੁੱਕਰਵਾਰ ਨੂੰ ਲਗਾਏ ਗਏ ‘ਮੈਗਾ ਟੀਕਾਕਰਣ ਕੈਂਪਾਂ’ ਵਿੱਚ ਅਸੀਂ ਇੱਕ ਦਿਨ ਵਿੱਚ ਆਪਣੇ ਮਿੱਥੇ ਪੰਦਰਾਂ ਹਜਾਰ ਲੋਕਾਂ ਦੇ ਟੀਕਾਕਰਣ ਦੇ ਟੀਚੇ ਦੀ ਥਾਂ ਵੀਹ ਹਜਾਰ ਤੋਂ ਵੱਧ ਲੋਕਾਂ ਨੂੰ ਟੀਕੇ ਲਗਾਏ।
ਉਹਨਾਂ ਕਿਹਾ ਕਿ ਹੁਣ ਵੱਡੇ ਪੱਧਰ ‘ਤੇ ਲੋਕਾਂ ਦੀ ਟੀਕੇ ਪ੍ਰਤੀ ਝਿਜਕ ਅਤੇ ਡਰ ਘੱਟ ਗਿਆ ਹੈ, ਇਸ ਲਈ ਕੋਵਿਡ ਦੀ ਤੀਸਰੀ ਸੰਭਾਵੀ ਲਹਿਰ ਦਾ ਮੁਕਾਬਲਾ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰਨਾ ਜਾਰੀ ਰੱਖਾਂਗੇ।
ਲੋਕਾਂ ਦੀਆਂ ਜਿੰਦਗੀ ਨੂੰ ਪ੍ਰਭਾਵਤ ਕਰਨ ਵਾਲੀ ਤੀਜੀ ਲਹਿਰ ‘ਤੇ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਬਿ੍ਰਟੇਨ ਅਤੇ ਯੂਰਪੀਅਨ ਦੇਸ਼ਾਂ ਵਿਚ ਡੈਲਟਾ ਵਿਸ਼ਾਣੂ ਦੇ ਫੈਲਾਅ ਦੇ ਮੱਦੇਨਜ਼ਰ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਦੇ ਦਾਇਰੇ ਵਿਚ ਲਿਆਉਣਾ ਮਹੱਤਵਪੂਰਨ ਹੋ ਗਿਆ ਹੈ।
ਮਾਹਰ ਡਾਕਟਰਾਂ ਮੁਤਾਬਕ ਟੀਕੇ ਦੀ ਦੂਜੀ ਖੁਰਾਕ ਲੋਕਾਂ ਨੂੰ ਉਨ੍ਹਾਂ ਵਿਅਕਤੀਆਂ ਤੋਂ ਜ਼ਿਆਦਾ ਮਜ਼ਬੂਤ ਬਣਾਉਂਦੀ ਹੈ ਜਿਨ੍ਹਾਂ ਨੇ ਟੀਕਾਕਰਨ ਨਹੀਂ ਕਰਵਾਇਆ ਹੁੰਦਾ।
ਇਸ ਲਈ, ਲੋਕਾਂ ਨੂੰ ਟੀਕਾਕਰਨ ਲਈ ਸਰਗਰਮੀ ਨਾਲ ਅੱਗੇ ਆਉਣਾ ਚਾਹੀਦਾ ਹੈ ਅਤੇ ਹਰੇਕ ਘਰ ਨੂੰ ਯੋਗ ਮੈਂਬਰਾਂ ਦੀ ਸ਼ਤ-ਪ੍ਰਤੀਸ਼ਤ ਆਬਾਦੀ ਨੂੰ ਟੀਕਾਕਰਣ ਯਕੀਨੀ ਬਣਾਉਣਾ ਚਾਹੀਦਾ ਹੈ।
ਉਨਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੀਤੇ ਨਿਰੰਤਰ ਯਤਨਾਂ ਲਈ ਵਿਭਾਗ ਦੀ ਪਿੱਠ ਥਾਪੜੀ ਅਤੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਸਭ ਨੂੰ ਅਪੀਲ ਕੀਤੀ ਕਿ ਉਹ ਇਸੇ ਜੋਸ਼ ਅਤੇ ਜਨੂੰਨ ਨਾਲ ਕੋਵਿਡ ਟੀਕਾਕਰਣ ਵਿੱਚ ਸਹਿਯੋਗ ਦਿੰਦੇ ਰਹਿਣ।