ਸੂਬੇ ਵਿੱਚ ਪੈ ਰਹੀ ਅੱਤ ਦੀ ਗਰਮੀ ,ਘਰੋਂ ਬਾਹਰ ਨਿਕਲਣ ਤੋਂ ਕਰੋ ਗੁਰੇਜ਼
ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਗਰਮੀ ਵਿੱਚ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ
ਚੰਡੀਗੜ੍ਹ, 21ਮਈ(ਵਿਸ਼ਵ ਵਾਰਤਾ)- ਸੂਬੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਪਾਰਾ ਲਗਾਤਾਰ ਵੱਧ ਰਿਹਾ ਹੈ।। ਮੌਸਮ ਵਿਭਾਗ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਆਉਣ ਵਾਲੇ ਕਈ ਦਿਨਾਂ ਤੱਕ ਦਿਖਾਈ ਦੇਵੇਗਾ। ਬੀਤੇ ਦਿਨ ਬਠਿੰਡਾ ਵਿੱਚ ਤਾਪਮਾਨ ਸਭ ਤੋਂ ਵੱਧ ਰਿਹਾ। ਇਸ ਦੇ ਨਾਲ ਹੀ ਆਉਣ ਵਾਲੇ ਕਈ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ। ਇੱਥੋਂ ਦਾ ਮੌਸਮ ਆਮ ਨਾਲੋਂ ਵੀ ਵੱਧ ਗਰਮ ਹੈ। ਮਾਝੇ ਦੇ ਅੰਮ੍ਰਿਤਸਰ, ਤਰਨਤਾਰਨ ਤੋਂ ਇਲਾਵਾ ਪੱਛਮੀ ਮਾਲਵੇ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਗਰਮੀ ਵਿੱਚ ਇਹਨਾਂ ਗੱਲਾਂ ਦਾ ਰੱਖੋ ਖਿਆਲ
ਸਿਹਤ ਮਾਹਿਰਾਂ ਵੱਲੋਂ ਗਰਮੀ ਵਿੱਚ ਲੋਕਾਂ ਨੂੰ ਓ. ਆਰ. ਐੱਸ., ਇਲੈਕਟ੍ਰੋਲਾਈਟਸ ਵਾਲੇ ਪੀਣ ਵਾਲੇ ਪਦਾਰਥ, ਨਿੰਬੂ ਪਾਣੀ ਤੇ ਲੱਸੀ ਵਰਗੇ ਘਰ ਦੇ ਬਣੇ ਤਰਲ ਪਦਾਰਥਾਂ ਦਾ ਸੇਵਨ ਕਰਕੇ ਹਾਈਡ੍ਰੇਟ ਰਹਿਣ ਦੀ ਸਲਾਹ ਦਿੱਤੀ ਗਈ ਹੈ। ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ। ਜੇ ਜ਼ਰੂਰੀ ਨਹੀਂ ਤਾਂ ਦੁਪਹਿਰ 12 ਵਜੇ ਤੋਂ 3 ਵਜੇ ਦੌਰਾਨ ਬਾਹਰ ਨਾ ਜਾਓ। ਜੇ ਜਾਣਾ ਹੋਵੇ ਤਾਂ ਢਿੱਲੇ, ਸੂਤੀ ਤੇ ਹਲਕੇ ਰੰਗ ਦੇ ਕੱਪੜੇ ਪਹਿਨੋ। ਜ਼ਿਆਦਾ ਗਰਮੀ ਤੋਂ ਬਚਣ ਲਈ ਪੀਣ ਵਾਲਾ ਪਾਣੀ ਤੇ ਛੱਤਰੀ ਆਪਣੇ ਨਾਲ ਰੱਖੋ। ਆਪਣੀ ਖ਼ੁਰਾਕ ’ਚ ਪਾਣੀ ਦੀ ਜ਼ਿਆਦਾ ਮਾਤਰਾ ਵਾਲੀਆਂ ਚੀਜ਼ਾਂ, ਮੌਸਮੀ ਫ਼ਲਾਂ ਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਅਲਕੋਹਲ, ਚਾਹ, ਕੌਫੀ ਤੇ ਕਾਰਬੋਨੇਟਿਡ ਸਾਫਟ ਡਰਿੰਕਸ ਤੋਂ ਪ੍ਰਹੇਜ਼ ਕਰੋ ਕਿਉਂਕਿ ਇਹ ਡੀਹਾਈਡ੍ਰੇਸ਼ਨ ਤੇ ਢਿੱਡ ਦੇ ਕੜਵੱਲ ਦਾ ਕਾਰਨ ਬਣ ਸਕਦੀਆਂ ਹਨ। ਬਜ਼ੁਰਗਾਂ, ਗਰਭਵਤੀਆਂ ਤੇ ਬੱਚਿਆਂ ਨੂੰ ਖ਼ਾਸ ਦੇਖਭਾਲ ਦੀ ਲੋੜ ਹੈ। ਘਰ ਜਾਂ ਦਫ਼ਤਰ ਨੂੰ ਠੰਡਾ ਰੱਖਣ ਲਈ ਚਿੱਟੇ ਪੇਂਟ, ਗ੍ਰੀਨ ਨੈੱਟ ਸ਼ੇਡਿੰਗ ਤੇ ਮਿਸਟ ਕੂਲਿੰਗ ਸਿਸਟਮ ਵਰਗੇ ਕੂਲ ਰੂਫ ਤਰੀਕਿਆਂ ਦੀ ਵਰਤੋਂ ਕਰੋ।
ਜ਼ਿਕਰਯੋਗ ਹੈ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ 21 ਮਈ ਤੋਂ ਹੀ ਪੰਜਾਬ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸੀ। ਹੁਣ ਪੰਜਾਬ ਭਰ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।