ਸੂਬੇ ‘ਚ ਗਰਮੀ ਨੇ ਤੋੜੇ ਸਾਰੇ ਰਿਕਾਰਡ – ਤਾਪਮਾਨ 48 ਡਿਗਰੀ ਤੋਂ ਪਾਰ
ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਚੰਡੀਗੜ੍ਹ, 28ਮਈ(ਵਿਸ਼ਵ ਵਾਰਤਾ)-ਸੂਬੇ ਵਿੱਚ ਨੌਂਤਪਾ ਦੇ ਤੀਜੇ ਦਿਨ ਤਾਪਮਾਨ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸੋਮਵਾਰ ਨੂੰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਦੀ ਉਮੀਦ ਹੈ। ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਠਿੰਡਾ ਤੋਂ ਬਾਅਦ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 47.1 ਡਿਗਰੀ ਰਿਹਾ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਦਾ ਤਾਪਮਾਨ 45.7 ਡਿਗਰੀ, ਫ਼ਰੀਦਕੋਟ ਦਾ 45.6 ਡਿਗਰੀ, ਅੰਮ੍ਰਿਤਸਰ ਦਾ ਤਾਪਮਾਨ 45.4 ਡਿਗਰੀ ਦਰਜ ਕੀਤਾ ਗਿਆ ਹੈ।
ਗਰਮੀ ਵਿੱਚ ਇਹਨਾਂ ਗੱਲਾਂ ਦਾ ਰੱਖੋ ਖਾਸ ਖਿਆਲ
ਗਰਮੀ ਅਤੇ ਧੁੱਪ ਤੋਂ ਬਚੋ ਅਤੇ ਜ਼ਿਆਦਾ ਮਾਤਰਾ ਵਿੱਚ ਤਰਲ ਪਦਾਰਥਾਂ ਦਾ ਸੇਵਨ ਕਰੋ। ਪਾਣੀ, ਗੁਲੂਕੋਜ਼ ਤੇ ਸ਼ਿਕੰਜ਼ਵੀਂ ਪੀਓ। ਹਮੇਸ਼ਾ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਾਓ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਸਿਰ ਨੂੰ ਟੋਪੀ ਜਾਂ ਛੱਤਰੀ ਨਾਲ ਢੱਕੋ। ਬੱਚਿਆਂ, ਬਜ਼ੁਰਗਾਂ ਦਾ ਖਾਸ ਖਿਆਲ ਰੱਖੋ, ਇਹਨਾਂ ਨੂੰ ਗਰਮੀ ਅਤੇ ਧੁੱਪ ਦੇ ਸੰਪਰਕ ਵਿੱਚ ਨਾ ਆਉਣ ਦਿਓ। ਸਿਹਤ ਵਿਭਾਗ ਨੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਵੇਰੇ-ਸ਼ਾਮ ਕੰਮ ਕਰਨ ਲਈ ਕਿਹਾ ਹੈ।