ਸੁਰੱਖਿਆ ਵਾਪਸ ਲਏ ਜਾਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਖੜਕਾਇਆ ਹਾਈਕੋਰਟ ਦਾ ਦਰਵਾਜਾ
ਚੰਡੀਗੜ੍ਹ,18 ਮਈ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਕੇ ਦਲੀਲ ਦਿੱਤੀ ਹੈ ਕਿ ਮੈਨੂੰ ਅੱਤਵਾਦੀਆਂ ਤੋਂ ਖਤਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਨਾਲ ਉਸਦੀ ਜਾਨ ਖਤਰੇ ਵਿੱਚ ਪੈ ਗਈ ਹੈ। ਹਾਈਕੋਰਟ ਨੇ ਉਸ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਜਵਾਬ ਤਲਬ ਕੀਤਾ ਹੈ।ਜ਼ਿਕਰਯੋਗ ਹੈ ਕਿ ਪਰਮਿੰਦਰ ਪਿੰਕੀ ਨੂੰ ਪੰਜਾਬ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਪਿੰਕੀ ਕੋਲ 28 ਪੁਲਿਸ ਵਾਲੇ ਅਤੇ 1 ਪਾਇਲਟ ਸੀ। ਮਾਨ ਸਰਕਾਰ ਨੇ ਵੀਆਈਪੀ ਸੁਰੱਖਿਆ ‘ਤੇ ਕੈਂਚੀ ਚਲਾਉਂਦੇ ਹੋਏ ਪਿੰਕੀ ਤੋਂ 26 ਗੰਨਮੈਨ ਅਤੇ ਪਾਇਲਟ ਵਾਪਸ ਲੈ ਲਈ। ਹੁਣ ਉਨ੍ਹਾਂ ਕੋਲ ਸਿਰਫ਼ 2 ਪੁਲਿਸ ਮੁਲਾਜ਼ਮ ਰਹਿ ਗਏ ਹਨ।