ਜਲੰਧਰ, 24 ਅਕਤੂਬਰ (ਵਿਸ਼ਵ ਵਾਰਤਾ)-ਪੰਜਾਬ ਪੁਲਿਸ ਨੇ ਭਾਰਤੀ ਏਅਰ ਫੋਰਸ ਨੂੰ 3-1 ਦੇ ਫਰਕ ਨਾਲ ਹਰਾ ਕੇ 34ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਮਰਦਾਂ ਦੇ ਵਰਗ ਵਿੱਚ ਜੇਤੂ ਸ਼ੁਰੂਆਤ ਕੀਤੀ। ਦੂਜੇ ਮੈਚ ਵਿੱਚ ਭਾਰਤੀ ਰੇਲਵੇ ਅਤੇ ਪਿਛਲੇ ਸਾਲ ਦੀ ਜੇਤੂ ਪੰਜਾਬ ਨੈਸ਼ਨਲ ਬੈਂਕ ਦੀ ਟੀਮ 1-1 ਦੀ ਬਰਾਬਰੀ ਤੇ ਰਹੀਆਂ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਉਕਤ ਟੂਰਨਾਮੈਂਟ ਦੇ ਦੂਜੇ ਦਿਨ ਮਰਦਾਂ ਦੇ ਵਰਗ ਦੇ ਤਿੰਨ ਅਤੇ ਮਹਿਲਾਵਾਂ ਦੇ ਵਰਗ ਦਾ ਇਕ ਮੈਚ ਖੇਡਿਆ ਗਿਆ।
ਪੂਲ ਬੀ ਵਿੱਚ ਭਾਰਤੀ ਹਾਕੀ ਦੇ ਸਿਤਾਰਿਆਂ ਨਾਲ ਭਰੀ ਪੰਜਾਬ ਪੁਲਿਸ ਅਤੇ ਭਾਰਤੀ ਏਅਰ ਫੋਰਸ ਦਰਮਿਆਨ ਮੈਚ ਕਾਫੀ ਰੋਮਾਂਚਕ ਰਿਹਾ। ਢਾਕਾ ਵਿਖੇ ਸੋਨੇ ਦਾ ਤਮਗਾ ਜਿਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਅਕਾਸ਼ਦੀਪ ਸਿੰਘ ਅਤੇ ਉਲੰਪੀਅਨ ਗੁਰਬਾਜ਼ ਸਿੰਘ, ਉਲੰਪੀਅਨ ਧਰਮਵੀਰ ਸਿੰਘ, ਉਲੰਪੀਅਨ ਗੁਰਵਿੰਦਰ ਸਿੰਘ ਚੰਦੀ ਅਤੇ ਅਂੰਤਰਰਾਸ਼ਟਰੀ ਖਿਡਾਰੀਆਂ ਸਰਵਨਜੀਤ ਸਿੰਘ, ਹਰਬੀਰ ਸਿੰਘ ਸੰਧੂ, ਹਰਜੋਤ ਸਿੰਘ ਨੇ ਪੰਜਾਬ ਪੁਲਿਸ ਵਲੋਂ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ। ਖੇਡ ਦੇ 9ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਸਰਵਨਜੀਤ ਸਿੰਘ ਨੇ ਉਲੰਪੀਅਨ ਰਮਨਦੀਪ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਦੋ ਮਿੰਟ ਬਾਅਦ ਹੀ ਭਾਰਤੀ ਏਅਰ ਫੋਰਸ ਦੇ ਸੰਜੇ ਨੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ। 29ਵੇਂ ਮਿੰਟ ਵਿਚ ਉਲੰਪੀਅਨ ਰਮਨਦੀਪ ਸਿੰਘ ਨੇ ਧਰਮਵੀਰ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 2-1 ਕੀਤਾ। ਅੱਧੇ ਸਮੇਂ ਤੱਕ ਪੰਜਾਬ ਪੁਲਿਸ 2-1 ਨਾਲ ਅੱਗੇ ਸੀ।
ਖੇਡ ਦੇ ਦੂਜੇ ਅੱਧ ਵਿੱਚ 65ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਧਰਮਵੀਰ ਸਿੰਘ ਨੇ ਰਮਨਦੀਪ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰਕੇ ਮੈਚ ਆਪਣੇ ਨਾਂਅ ਕੀਤਾ।
ਮਰਦਾਂ ਦੇ ਵਰਗ ਦੇ ਪੂਲ ਏ ਵਿੱਚ ਪੰਜਾਬ ਨੈਸ਼ਨਲ ਬੈਂਕ ਅਤੇ ਰਾਸ਼ਟਰੀ ਚੈਂਪੀਅਨ ਭਾਰਤੀ ਰੇਲਵੇ ਦਰਮਿਆਨ ਮੈਚ ਵਿੱਚ ਖੇਡ ਦੇ ਦੂਜੇ ਮਿੰਟ ਵਿੱਚ ਬੈਂਕ ਦੇ ਸੁਖਜੀਤ ਸਿੰਘ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲਿਆ। ਖੇਡ ਦੇ 25ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਸ਼ੀਸ ਗੋੜਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਸਨ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ ਰਹੀਆਂ। ਦੋਵੇਂ ਟੀਮਾਂ ਨੂੰ 1-1 ਅੰਕ ਤੇ ਸਬਰ ਕਰਨਾ ਪਿਆ।
ਮਹਿਲਾਵਾਂ ਦੇ ਵਰਗ ਵਿੱਚ ਪਿਛਲੇ ਸਾਲ ਦੀ ਜੇਤੂ ਪੱਛਮੀ ਰੇਲਵੇ ਮੁੰਬਈ ਨੇ ਸੀਆਰਪੀਐਫ ਦਿੱਲੀ ਨੂੰ 5-0 ਦੇ ਫਰਕ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ।
ਮਹਿਲਾਵਾਂ ਦੇ ਵਰਗ ਵਿੱਚ ਪੂਲ ਏ ਵਿਚ ਪੱਛਮੀ ਰੇਲਵੇ ਨੇ ਸੀਆਰਪੀਐਫ ਨੂੰ ਇਕ ਪਾਸੜ ਮੁਕਾਬਲੇ ਵਿੱਚ 5-0 ਦੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕਰਨ ਲਏ। ਪੱਛਮੀ ਰੇਲਵੇ ਵਲੋਂ ਕਪਤਾਨ ਪਿੰਕੀ ਨੇ ਖੇਡ ਦੇ 17ਵੇਂ ਅਤੇ 43ਵੇਂ ਮਿੰਟ ਵਿੱਚ, ਸਰਿਤਾ ਨੇ 35ਵੇਂ ਮਿੰਟ ਵਿੱਚ, ਅਨੁਪਾ ਬਾਰਲਾ ਨੇ 40ਵੇਂ ਮਿੰਟ ਵਿੱਚ, ਚੰਚਨ ਥੋਕਚੋਮ ਨੇ 47ਵੇਂ ਮਿੰਟ ਵਿੱਚ ਗੋਲ ਕੀਤੇ।
25 ਅਕਤੂਬਰ ਦੇ ਮੈਚ
ਮਹਿਲਾ ਵਰਗ –
ਸੀਆਰਪੀਐਫ ਦਿੱਲੀ ਬਨਾਮ ਪੰਜਾਬ ਇਲੈਵਨ — 1-30 ਵਜੇ
ਉਤਰੀ ਪੂਰਬੀ ਰੇਲਵੇ ਬਨਾਮ ਰੇਲ ਕੋਚ ਫੈਕਟਰੀ-3-00 ਵਜੇ
ਮਰਦ ਵਰਗ –
ਆਰਮੀ ਇਲੈਵਨ ਬਨਾਮ ਭਾਰਤੀ ਨੇਵੀ – 4-30 ਵਜੇ
ਭਾਰਤ ਪੈਟਰੋਲੀਅਮ ਬਨਾਮ ਭਾਰਤੀ ਏਅਰ ਫੋਰਸ – 6-00 ਵਜੇ