ਸੁਮੇਧ ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ
ਸਾਰੀਆਂ ਅਰਜ਼ੀਆਂ ਕੀਤੀਆਂ ਖਾਰਿਜ਼
ਚੰਡੀਗੜ੍ਹ, 31ਅਗਸਤ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੀਆਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਹਾਈ ਕੋਰਟ ਨੇ ਉਨ੍ਹਾਂ ਸਾਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਜਿਨ੍ਹਾਂ ਦੀ ਸੁਮੇਧ ਸਿੰਘ ਸੈਣੀ ਨੇ ਉਨ੍ਹਾਂ ਦੀ ਪਟੀਸ਼ਨ ਤੇ 9 ਸਤੰਬਰ ਦੀ ਬਜਾਏ ਅੱਜ ਸੁਣਵਾਈ ਕਰਨ ਅਤੇ ਇੱਕ ਪੈਨ ਡਰਾਈਵ ਸੌਂਪ ਕੇ ਵਿਜੀਲੈਂਸ ਅਫਸਰ ਅਤੇ ਹੋਰਾਂ ਤੇ ਮਾਣ-ਹਾਨੀ ਦੀ ਮੰਗ ਕੀਤੀ ਸੀ, ਜੋ ਅਦਾਲਤ ਨੇ ਰੱਦ ਕਰ ਦਿੱਤੀ।
ਹਾਈ ਕੋਰਟ ਨੇ ਪਟੀਸ਼ਨ ਦੀ ਸੁਣਵਾਈ ਨਿਰਧਾਰਤ ਮਿਤੀ 9 ਸਤੰਬਰ ਨੂੰ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਮਾਮਲੇ ਵਿੱਚ ਛੇਤੀ ਸੁਣਵਾਈ ਦੀ ਲੋੜ ਨਹੀਂ ਹੈ।
ਇਸ ਦੇ ਨਾਲ ਹੀ ਸੈਣੀ ਨੂੰ ਦਿੱਤੀ ਗਈ ਰਿਹਾਈ ਦੇ ਵਿਰੁੱਧ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਤੇ ਵੀ ਸੁਣਵਾਈ ਨਹੀਂ ਹੋਈ ਹੈ।
ਦੂਜੇ ਪਾਸੇ ਸੈਣੀ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 18 ਅਗਸਤ ਦੀ ਰਾਤ ਨੂੰ ਹੋਈ ਗ੍ਰਿਫਤਾਰੀ ਨੂੰ ਗੈਰ-ਕਨੂੰਨੀ ਹਿਰਾਸਤ ਕਰਾਰ ਦਿੰਦਿਆਂ 19 ਅਗਸਤ ਦੇਰ ਰਾਤ ਉਸ ਨੂੰ ਰਿਹਾਅ ਕਰਨ ਦੇ ਪੰਜਾਬ-ਹਰਿਆਣਾ ਹਾਈਕੋਰਟ ਦੇ ਆਦੇਸ਼ ਨੂੰ ਵਿਜੀਲੈਂਸ ਨੇ ਵਾਪਸ ਲੈਣ ਦੀ ਮੰਗ ਕੀਤੀ ਹੈ। ਹਾਈ ਕੋਰਟ ਹੁਣ ਇਸ ਪਟੀਸ਼ਨ ਤੇ ਮੰਗਲਵਾਰ ਨੂੰ ਸੁਣਵਾਈ ਕਰੇਗਾ।