ਸੁਮੇਧ ਸੈਣੀ ਦੀ ਰਿਹਾਈ ਦੇ ਖਿਲਾਫ ਵਿਜ਼ੀਲੈਂਸ ਦੀ ਪਟੀਸ਼ਨ ਤੇ ਹਾਈ ਕੋਰਟ ਵਿੱਚ ਸੁਣਵਾਈ ਅੱਜ
ਦੇਖੋ,ਸੁਮੇਧ ਸੈਣੀ ਨੇ ਕਿਹੜੇ ਅਧਿਕਾਰੀਆਂ ਤੇ ਕੀਤਾ ਮਾਣਹਾਨੀ ਦਾ ਮੁਕੱਦਮਾ
ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਵਿਜੀਲੈਂਸ ਵੱਲੋਂ ਗ੍ਰਿਫਤਾਰੀ ਦੇ ਸਬੰਧ ਵਿੱਚ ਹਾਈਕੋਰਟ ਵਿੱਚ ਇੱਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਹਾਈਕੋਰਟ ਨੇ ਇਸ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ ਸੀ। ਇਸ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਸੈਣੀ ਨੇ ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਉਰੋ ਦੇ ਮੁੱਖ ਡਾਇਰੈਕਟਰ ਬੀਕੇ ਉੱਪਲ, ਜੁਆਇੰਟ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਅਤੇ ਜਾਂਚ ਅਧਿਕਾਰੀ ਡੀਐਸਪੀ ਹਰਿੰਦਰਪਾਲ ਸਿੰਘ ਵਿਰੁੱਧ ਅਦਾਲਤ ਦੀ ਅਵੱਗਿਆ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਸੈਣੀ ਨੇ ਕਿਹਾ ਕਿ ਕੋਟਕਪੂਰਾ ਮਾਮਲੇ ਵਿੱਚ ਰਾਹਤ ਦਿੰਦੇ ਹੋਏ ਹਾਈਕੋਰਟ ਨੇ ਕਿਹਾ ਸੀ ਕਿ ਜੇਕਰ ਗ੍ਰਿਫਤਾਰੀ ਦੀ ਲੋੜ ਹੈ ਤਾਂ ਪਹਿਲਾਂ ਇੱਕ ਹਫਤੇ ਦਾ ਨੋਟਿਸ ਦਿੱਤਾ ਜਾਵੇ।
ਸੈਣੀ ਦੀ ਰਿਹਾਈ ਦੇ ਖਿਲਾਫ ਵਿਜੀਲੈਂਸ ਹਾਈਕੋਰਟ ਪਹੁੰਚੀ
ਵਿਜੀਲੈਂਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਰਿਹਾਈ ਦੇ ਖਿਲਾਫ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਹਾਈ ਕੋਰਟ ਨੇ 18 ਅਗਸਤ ਦੀ ਰਾਤ ਨੂੰ ਸੈਣੀ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੰਦਿਆਂ ਸੈਣੀ ਨੂੰ 19 ਅਗਸਤ ਦੇਰ ਰਾਤ ਰਿਹਾਅ ਕਰਨ ਦੇ ਆਦੇਸ਼ ਦਿੱਤੇ ਸਨ। ਵਿਜੀਲੈਂਸ ਨੇ ਉਕਤ ਹੁਕਮ ਵਾਪਸ ਲੈਣ ਦੀ ਮੰਗ ਕਰਦੇ ਹੋਏ ਰੀਕਾਲ ਪਟੀਸ਼ਨ ਦਾਇਰ ਕੀਤੀ ਹੈ। ਵਿਜੀਲੈਂਸ ਨੇ ਇਹ ਵੀ ਮੰਗ ਕੀਤੀ ਹੈ ਕਿ ਹਾਈਕੋਰਟ ਵੱਲੋਂ ਉਨ੍ਹਾਂ ਦੇ ਸੇਵਾਕਾਲ ਦੌਰਾਨ ਦਿੱਤੀ ਗਈ ਰਾਹਤ ਦੀ ਵੀ ਜਲਦ ਸੁਣਵਾਈ ਹੋਣੀ ਚਾਹੀਦੀ ਹੈ।