ਸੁਨ੍ਹਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਤੋਂ ਅੱਜ ਐਸਆਈਟੀ ਕਰੇਗੀ ਪੁੱਛਗਿੱਛ
ਐਸਆਈਟੀ ਕੁੁਝ ਦੇਰ ਚ ਪਹੁੰਚੇਗੀ ਸੁਨ੍ਹਾਰੀਆ ਜੇਲ੍ਹ
ਚੰਡੀਗੜ੍ਹ, 8ਨਵੰਬਰ(ਵਿਸ਼ਵ ਵਾਰਤਾ)-ਬੇਅਦਬੀ ਮਾਮਲਿਆਂ ਵਿੱਚ ਪੰਜਾਬ ਪੁਲਿਸ ਨੇ ਛੇ ਡੇਰਾ ਪ੍ਰੇਮੀ ਫੜੇ ਹੋਏ ਹਨ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ SIT (ਵਿਸ਼ੇਸ਼ ਜਾਂਚ ਟੀਮ) ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੁੱਛ-ਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਜਾ ਰਹੀ ਸੀ।
ਪੰਜਾਬ ਪੁਲਿਸ ਦੀ SIT ਨੂੰ ਇਹ ਸਫਲਤਾ ਜ਼ਰੂਰ ਮਿਲੀ ਕਿ ਉਹ ਡੇਰਾ ਮੁਖੀ ਦੀ ਪੁੱਛ-ਗਿੱਛ ਕਰੇਗੀ। ਆਈਜੀ ਲੁਧਿਆਣਾ ਰੇਂਜ਼ ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ SIT ਦੀ ਟੀਮ ਅੱਜ ਸਵੇਰੇ ਸੋਨ੍ਹਾਰੀਆ ਜੇਲ੍ਹ ਕਰਨਾਲ ਲਈ ਰਵਾਨਾ ਹੋ ਗਈ ਹੈ। ਐਸਆਈਟੀ 9 ਤੋਂ 10 ਵਜੇ ਦੇ ਕਰੀਬ ਸੁਨ੍ਹਾਰੀਆ ਜੇਲ੍ਹ ਪਹੁੰਚ ਜਾਵੇਗੀ। ਆਈਜੀ ਪਰਮਾਰ ਤੋਂ ਇਲਾਵਾ ਐਸਆਈਟੀ ਵਿੱਚ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਡੀਐਸਪੀ ਲਖਵੀਰ ਸਿੰਘ ਤੇ ਇਂਸਪੈਕਟਰ ਦਲਬੀਰ ਸਿੰਘ ਵੀ ਸ਼ਾਮਲ ਹਨ।
ਪੰਜਾਬ ਪੁਲਿਸ ਦੀ ਐੱਸ.ਆਈ.ਟੀ. 6 ਸਾਲ ਪਹਿਲਾਂ ਦਰਜ ਹੋਏ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਣ ਲਈ 40 ਸਵਾਲ ਤਿਆਰ ਕੀਤੇ ਗਏ ਹਨ। ਐੱਸਆਈਟੀ ਦੇ ਮੁਖੀ ਐੱਸ.ਪੀ.ਐੱਸ ਪਰਮਾਰ ਦਾ ਕਹਿਣਾ ਹੈ ਕਿ ਸਵਾਲ ਤੈਅ ਨਹੀਂ ਹੋਣਗੇ। ਰਾਮ ਰਹੀਮ ਸਾਡੇ ਸਵਾਲਾਂ ਦਾ ਜਵਾਬ ਕੀ ਦਿੰਦਾ ਹੈ, ਇਸ ਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਰਾਮ ਰਹੀਮ ਦੇ ਜਵਾਬ ਤੋਂ ਹੀ ਨਵੇਂ ਸਵਾਲ ਉੱਠ ਸਕਦੇ ਹਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਫਰੀਦਕੋਟ ਜੇਲ੍ਹ ਨੇ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੇ ਹੁਕਮ ਜਾਰੀ ਕੀਤੇ ਸਨ। ਰਾਮ ਰਹੀਮ ਨੂੰ 29 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 28 ਅਕਤੂਬਰ ਨੂੰ ਹੀ ਰੋਕ ਲਗਾ ਦਿੱਤੀ ਸੀ। ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਜੇਲ੍ਹ ਵਿੱਚ ਪੁੱਛਗਿੱਛ ਕਰਨ ਦੇ ਨਿਰਦੇਸ਼ ਦਿੱਤੇ ਸਨ।
ਪੜ੍ਹੋ, ਕੀ ਹੈ ਪੂਰਾ ਮਾਮਲਾ ?
ਮਾਮਲਾ 1 ਜੁਲਾਈ 2015 ਦਾ ਹੈ। ਜਦੋਂ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਤੋਂ 5 ਕਿਲੋਮੀਟਰ ਦੂਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। 24 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰੇ ਨੇੜੇ ਦੋ ਹੱਥ ਲਿਖਤ ਪੋਸਟਰ ਲੱਗੇ ਮਿਲੇ ਸਨ। ਇਸ ਮਾਮਲੇ ਵਿੱਚ ਧਾਰਾ 295 A ਦੇ ਤਹਿਤ FIR ਨੰਬਰ 63 ਦਰਜ ਕੀਤੀ ਗਈ ਸੀ। ਜਿਸ ਵਿੱਚ ਰਾਮ ਰਹੀਮ ਦਾ ਨਾਮ ਸੀ। ਦੋਸ਼ ਹੈ ਕਿ ਪੰਜਾਬੀ ਭਾਸ਼ਾ ਵਿੱਚ ਲਿਖੇ ਇਨ੍ਹਾਂ ਪੋਸਟਰਾਂ ਵਿੱਚ ਅਪਸ਼ਬਦ ਬੋਲੇ ਗਏ ਸਨ ਅਤੇ ਪਵਿੱਤਰ ਸਰੂਪਾਂ ਦੀ ਚੋਰੀ ਵਿੱਚ ਡੇਰਾ ਸੱਚਾ ਸੌਦਾ ਦਾ ਹੱਥ ਹੋਣ ਬਾਰੇ ਵੀ ਗੱਲ ਲਿਖੀ ਹੋਈ ਸੀ। 12 ਅਕਤੂਬਰ 2015 ਨੂੰ ਬੁਰਜ ਜਵਾਹਰ ਸਿੰਘਵਾਲਾ ਦੀਆਂ ਗਲੀਆਂ ਵਿੱਚ ਪਵਿੱਤਰ ਸਰੂਪ ਦੇ ਅੰਗ ਖਿੱਲਰੇ ਪਾਏ ਗਏ ਸਨ। ਇਸ ਤੋਂ ਬਾਅਦ ਸਿੱਖ ਸੰਗਤ ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਘਟਨਾ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ।