ਸੁਖਬੀਰ ਦੀ 100 ਦਿਨਾਂ ਯਾਤਰਾ ਸਿਆਸੀ ਡਰਾਮਾ : ਰਵੀਇੰਦਰ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਪਨਾਹ ਬਾਦਲਾਂ ਦਿੱਤੀ : ਰਵੀਇੰਦਰ ਸਿੰਘ
ਗੁਰੂ ਦੀ ਥਾਂ ਬਾਦਲਾਂ ਨੂੰ ਸੱਤਾ ਦੀ ਭੁੱਖ ਹੱਦ ਤੋਂ ਜਿਆਦਾ : ਰਵੀਇੰਦਰ ਸਿੰਘ
ਬਾਦਲਾਂ ਤੋਂ ਸਿੱਖ ਸੰਸਥਾਵਾਂ ਆਜ਼ਾਦ ਕਰਵਾਉਣ ਲਈ ਪੰਥ ਇਕ ਮੰਚ ’ਤੇ ਇਕੱਠਾ ਹੋਵੇ
ਚੰਡੀਗ੍ਹੜ ,18 ਅਗਸਤ :ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸੁਖਬੀਰ ਸਿੰਘ ਬਾਦਲ ਦੀ 100 ਦਿਨਾਂ ਯਾਤਰਾ ਨੂੰ ਰਾਜਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਨੇ ਸਿੱਖ ਕੌਮ ਦਾ ਨਾਂ ਵਰਤਣਯੋਗ ਨੁਕਸਾਨ ਸਿਰਫ਼ ਕੁਰਸੀ ਖਾਤਿਰ ਕੀਤਾ ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਈ ਇਹ ਪਰਿਵਾਰ ਜ਼ਿੰਮੇਵਾਰ ਹੈ ਤੇ ਆ ਰਹੀਆਂ ਚੋਣਾਂ ’ਚ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ ਜਿੰਨ੍ਹਾਂ ਵੋਟਾਂ ਖਾਤਿਰ ਸਿੱਖ ਵਿਰੋਧੀ ਤਾਕਤਾਂ ਪ੍ਰਫ਼ੁਲਿੱਤ ਕੀਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਸੌਦਾ ਸਾਧ ਤੇ ਹੋਰ ਡੇਰੇਦਾਰ ਬਾਦਲਾਂ ਦੀ ਉਪਜ਼ ਹਨ ਇਸ ਕਾਰਨ ਸਿੱਖੀ ਸਿਧਾਂਤ ਤੇ ਸੱਭਿਆਚਾਰਕ ਨੂੰ ਵੱਡੀ ਢਾਹ ਲੱਗੀ ਹੈ।
ਉਨ੍ਹਾਂ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸਿੱਖ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਥਾਂ ਜੋ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨਾਲ ਹੋਂਦ ’ਚ ਆਈ ਇਹ ਮੁਕੱਦਸ ਸਿੱਖ ਸੰਸਥਾਵਾਂ ਸਿੱਖ ਰਾਜਨੀਤੀ ਦਾ ਧੁਰਾ ਹਨ। ਪੰਜਾਬ ਦਾ ਕਰੀਬ ਸਮੁੱਚਾ ਕਿਸਾਨ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੈ ਪਰ ਬਾਦਲਾਂ ਦੀਆਂ ਗਲਤ ਨੀਤੀਆਂ ਕਾਰਨ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ। ਸਾਬਕਾ ਸਪੀਕਰ ਮੁਤਾਬਕ ਜਦ ਕਿਸਾਨ, ਦਿੱਲੀ ’ਚ ਮੋਦੀ ਸਰਕਾਰ ਵਿਰੁੱਧ ਅੰਦੋਲਨ, ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਰੀਬ ਇਕ ਸਾਲ ਤੋਂ ਕਰ ਰਿਹਾ ਹੈ ਤਾਂ ਫ਼ਿਰ ਸੁਖਬੀਰ ਹੁਰਾਂ ਦੀ 100 ਦਿਨਾਂ ਯਾਤਰਾ ਦਾ ਕੀ ਮਕਸਦ ਹੈ?
ਰਵੀਇੰਦਰ ਸਿੰਘ ਨੇ ਸਿੱਖ ਕੌਮ ਅਤੇ ਪੰਥਕ ਸੰਗਠਨਾਂ ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਿੱਖ ਲੀਡਰਸ਼ਿਪ ਨੂੰ ਇਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਤਾਂ ਜੋ ਬਾਦਲ ਦੇ ਕਬਜ਼ੇ ਹੇਠ ਸਿੱਖ ਸੰਸਥਾਵਾਂ ਆਜ਼ਾਦ ਕਰਵਾਈਆਂ ਜਾ ਸਕਣ। ਉਨ੍ਹਾਂ ਹਿੰਦ‐ਪਾਕਿ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਲਈ ਜ਼ੋਰ ਦਿੱਤਾ ਹੈ।