ਸੀ.ਐਮ.ਦੀ ਯੋਗਸ਼ਾਲਾ ਤੋਂ ਲੋਕ ਬਾਗੋਬਾਗ
ਸਿਹਤਮੰਦ ਜ਼ਿੰਦਗੀ ਦੇ ਰਾਹ ਪਾਏ ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ ਲੋਕ
ਐੱਸ.ਏ.ਐੱਸ. ਨਗਰ, 26 ਜੂਨ(ਸਤੀਸ਼ ਕੁਮਾਰ ਪੱਪੀ)-ਸੀ.ਐਮ.ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਾਏ ਜਾ ਰਹੇ ਰੋਜ਼ਾਨਾ ਯੋਗਾ ਸੈਸ਼ਨਾਂ ਵਿੱਚ ਸ਼ਾਮਲ ਹੋ ਕੇ ਹਜ਼ਾਰਾਂ ਵਸਨੀਕ ਮੁੱਖ ਮੰਤਰੀ ਯੋਗਸ਼ਾਲਾ ਤੋਂ ਲਾਭ ਉਠਾ ਰਹੇ ਹਨ, ਜਿਸ ਨਾਲ ਲੋਕ ਸਿਹਤਮੰਦ ਜ਼ਿੰਦਗੀ ਦੇ ਰਾਹ ਪੈ ਗਏ ਹਨ ਤੇ ਇਸ ਪ੍ਰਤੀ ਆਪਣੀ ਖੁਸ਼ੀ ਵੀ ਜ਼ਾਹਰ ਕਰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਉਹ ਤੰਦਰੁਸਤ ਹੋ ਰਹੇ ਹਨ, ਉੱਥੇ ਭਾਈਚਾਰਕ ਸਾਂਝ ਵੀ ਮਜ਼ਬੂਤ ਹੋ ਰਹੀ ਹੈ।
ਫੇਜ਼ 04 ਬੋਗਨਵਿਲੀਆ ਪਾਰਕ, ਮੋਹਾਲੀ ਵਿਖੇ ਯੋਗਾ ਕਰਨ ਆਉਂਦੇ ਸੇਵਾ ਮੁਕਤ ਪ੍ਰਿੰਸੀਪਲ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਯੋਗਾ ਕਲਾਸਾਂ ਉਹਨਾਂ ਦੀ ਸਿਹਤ ਲਈ ਤਾਂ ਲਾਹੇਵੰਦ ਹਨ ਹੀ, ਨਾਲ ਹੀ ਇਹ ਕਲਾਸਾਂ ਇਕ ਵਧੀਆ ਸਮਾਜਕ ਘੇਰਾ ਬਣਾਉਣ ਵਿੱਚ ਵੀ ਮਦਦ ਕਰ ਰਹੀਆਂ ਹਨ।
ਇਸੇ ਪਾਰਕ ਵਿਚ ਯੋਗਾ ਕਲਾਸ ਲਾਉਣ ਆਉਂਦੇ ਪ੍ਰੀਤਕੰਵਲ ਕੌਰ ਨੇ ਕਿਹਾ ਕਿ ਯੋਗਾ ਦਾ ਇਕ ਭਾਵ ਆਪਸ ਵਿੱਚ ਜੁੜਨਾ ਵੀ ਹੈ। ਇਹਨਾਂ ਕਲਾਸਾਂ ਜ਼ਰੀਏ ਲੋਕ ਆਪਸ ਵਿੱਚ ਜੁੜ ਰਹੇ ਹਨ, ਜੋ ਮਾਨਸਿਕ ਸਿਹਤ ਲਈ ਬਹੁਤ ਵਧੀਆ ਹੈ। ਉਹਨਾਂ ਕਿਹਾ ਕਿ ਜਿਸ ਦਿਨ ਉਹ ਕਲਾਸ ਵਿੱਚ ਨਹੀਂ ਆ ਪਾਉਂਦੇ, ਉਸ ਦਿਨ ਉਹ ਕਲਾਸ ਨੂੰ ਬਹੁਤ ਮਿਸ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ।
ਇਸੇ ਤਰ੍ਹਾਂ ਅੰਬਿਕਾ ਫੋਰੈਸਟ ਪਾਰਕ, ਨਿਊ ਚੰਡੀਗੜ੍ਹ ਦੀ ਮਨੀਸ਼ਾ ਨੇ ਕਿਹਾ ਕਿ ਉਹ ਇਕ ਅਧਿਆਪਕਾ ਹਨ ਤੇ ਪਹਿਲਾਂ ਉਹ ਆਪਣੇ ਲਈ ਸਮਾਂ ਨਹੀਂ ਸੀ ਕੱਢਦੇ ਪਰ ਛੁੱਟੀਆਂ ਵਿੱਚ ਉਹਨਾਂ ਨੇ ਆਪਣੇ ਲਈ ਸਮਾਂ ਕੱਢਣਾ ਸ਼ੁਰੂ ਕੀਤਾ ਹੈ ਤੇ ਉਹ ਯੋਗਾ ਕਲਾਸਾਂ ਲਾ ਰਹੇ ਹਨ, ਜਿਸ ਨਾਲ ਉਹਨਾਂ ਨੂੰ ਸਰੀਰਕ ਰੂਪ ਵਿੱਚ ਬਹੁਤ ਲਾਭ ਹੋਇਆ ਹੈ ਤੇ ਉਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ
ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਇਨ੍ਹਾਂ ਯੋਗਾ ਕਲਾਸਾਂ ਨਾਲ ਲਗਪਗ 10 ਹਜ਼ਾਰ ਤੋਂ ਵੱਧ ਜ਼ਿਲ੍ਹਾ ਨਿਵਾਸੀ ਲਾਭ ਉਠਾ ਰਹੇ ਹਨ। ਯੋਗਾ ਸੈਸ਼ਨ ਸਵੇਰੇ 5:00 ਵਜੇ ਤੋਂ ਸ਼ੁਰੂ ਹੁੰਦੇ ਹਨ ਅਤੇ ਸ਼ਾਮ 8:15 ਵਜੇ ਤੱਕ ਵੱਖ-ਵੱਖ ਸਮਾਂ-ਸਲਾਟ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦਾ ਦਾਖਲਾ ਲਾਜ਼ਮੀ ਹੈ ਅਤੇ ਯੋਗਾ ਸੈਸ਼ਨਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਪ੍ਰਤੀਭਾਗੀਆਂ ਦਾ ਮਾਰਗਦਰਸ਼ਨ ਕਰਨ ਲਈ ਜ਼ਿਲ੍ਹੇ ਵਿੱਚ ਯੋਗਾ ਕੋਚ ਉਪਲਬਧ ਹਨ। ਲੋਕ ਇਹਨਾਂ ਸੈਸ਼ਨਾਂ ਵਿੱਚ ਸਵੈ-ਇੱਛਾ ਨਾਲ ਭਾਗ ਲੈ ਰਹੇ ਹਨ।
ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ‘ਤੇ ਸੰਪਰਕ ਕਰ ਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ ‘ਤੇ ਕਾਲ / ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।