ਸੀਐਮ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਜਲੰਧਰ ‘ਚ ਸੰਭਾਲਿਆ ਮੋਰਚਾ
ਡਾ. ਗੁਰਪ੍ਰੀਤ ਕੌਰ ਜਨਤਾ ਦਰਬਾਰ ‘ਚ ਖੁਦ ਸੁਣ ਰਹੇ ਨੇ ਲੋਕਾਂ ਦੀਆਂ ਮੁਸ਼ਕਿਲਾਂ
ਜਲੰਧਰ 3ਜੁਲਾਈ (ਵਿਸ਼ਵ ਵਾਰਤਾ ): ਆਮ ਆਦਮੀ ਪਾਰਟੀ ਜਲੰਧਰ ਪੱਛਮੀ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉਮੀਦਵਾਰ ਮਹਿੰਦਰ ਭਗਤ ਦੇ ਪ੍ਰਚਾਰ ਵਿੱਚ ਸਰਗਰਮ ਹਨ। ਹੁਣ ਜਲੰਧਰ ਸਥਿਤ ਘਰ ‘ਚ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਕੰਮ ਵਿੱਚ ਵਿਅਸਤ ਹਨ । ਡਾ. ਗੁਰਪ੍ਰੀਤ ਕੌਰ ਨੇ ਕੈਂਪ ਆਫਿਸ ਵਿਖੇ ਨਿੱਜੀ ਤੌਰ ‘ਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਉਪਰਾਲੇ ਕਰ ਰਹੇਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੀਐਮ ਮਾਨ ਦੀ ਪਤਨੀ ਨੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਕੰਮ ਸੰਭਾਲਿਆ ਹੋਵੇ। ਸੰਗਰੂਰ ਵਿੱਚ ਜ਼ਿਮਨੀ ਚੋਣ ਦੌਰਾਨ ਚੋਣ ਦਾ ਕੰਮ ਵੀ ਡਾਕਟਰ ਗੁਰਪ੍ਰੀਤ ਨੇ ਸੰਭਾਲਿਆ ਸੀ । ਬੀਤੇ ਦਿਨ ਉਨ੍ਹਾਂ ਜਲੰਧਰ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਜਲੰਧਰ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ, ਉਹ ਹਫ਼ਤੇ ਵਿੱਚ ਦੋ ਦਿਨ ਇਸ ਕੈਂਪ ਦਫ਼ਤਰ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਸੀ.ਐਮ ਮਾਨ ਦਾ ਨਵਾਂ ਘਰ ਸਿਰਫ਼ ਜ਼ਿਮਨੀ ਚੋਣ ਤੱਕ ਹੀ ਨਹੀਂ, 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ। ਰਿਪੋਰਟਾਂ ਮੁਤਾਬਕ ਮੁੱਖ ਮੰਤਰੀ ਹਫ਼ਤੇ ਵਿੱਚ 2 ਦਿਨ ਇਸ ਨਿਵਾਸ ਵਿੱਚ ਰਹਿਣਗੇ। ਜਿਕਰਯੋਗ ਹੈ ਕਿ ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੀ.ਐਮ ਮਾਨ ਅਤੇ ਉਨ੍ਹਾਂ ਦੀ ਟੀਮ ਹੋਟਲਾਂ ਵਿੱਚ ਠਹਿਰੀ ਸੀ ਪਰ ਇਸ ਵਾਰ ਉਨ੍ਹਾਂ ਨੇ ਜਲੰਧਰ ਵਿੱਚ ਕਿਰਾਏ ‘ਤੇ ਮਕਾਨ ਲੈਣ ਦਾ ਫੈਸਲਾ ਕੀਤਾ ਹੈ। ਜਲੰਧਰ ‘ਚ ਘਰ ਦੀ ਗੱਲ ਕਰੀਏ ਤਾਂ ਸੀ.ਐੱਮ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਦੀਪ ਨਗਰ ਨੇੜੇ ਨਾਨਕ ਨਿਵਾਸ ਰਿਹਾਇਸ਼ ਕਿਰਾਏ ‘ਤੇ ਲਈ ਹੈ। ਦੀਪ ਨਗਰ ਇਲਾਕੇ ‘ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਗਈ ਹੈ।