ਸਿੱਪੀ ਸਿੱਧੂ ਕਤਲਕਾਂਡ ਮਾਮਲਾ-ਸੀਬੀਆਈ ਨੇ ਕਲਿਆਣੀ ਸਿੰਘ ਦੀ ਜ਼ਮਾਨਤ ਦਾ ਕੀਤਾ ਵਿਰੋਧ
ਪੜ੍ਹੋ ਕਦੋਂ ਹੋਵੇਗੀ ਜ਼ਮਾਨਤ ਅਰਜੀ ਤੇ ਸੁਣਵਾਈ
ਚੰਡੀਗੜ੍ਹ,9ਜੁਲਾਈ(ਵਿਸ਼ਵ ਵਾਰਤਾ)-ਨਿਸ਼ਾਨੇਬਾਜ ਸਿੱਪੀ ਸਿੱਧੂ ਕਤਲ ਕੇਸ ਵਿੱਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ ਦੀ ਜ਼ਮਾਨਤ ਅਰਜ਼ੀ ’ਤੇ ਫੈਸਲਾ 13 ਜੁਲਾਈ ਨੂੰ ਆਵੇਗਾ। ਇਸ ਤੋਂ ਪਹਿਲਾਂ ਸੀਬੀਆਈ ਨੇ ਚੰਡੀਗੜ੍ਹ ਸੀਬੀਆਈ ਕੋਰਟ ਵਿੱਚ ਕਲਿਆਣੀ ਸਿੰਘ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ । ਸੀਬੀਆਈ ਨੇ ਦਾਅਵਾ ਕੀਤਾ ਹੈ ਕਿ ਕਲਿਆਣੀ ਨੇ ਸਿੱਪੀ ਦਾ ਕਤਲ ਅਣਪਛਾਤੇ ਹਮਲਾਵਰ ਨਾਲ ਮਿਲ ਕੇ ਕੀਤਾ ਸੀ ਅਤੇ ਘਟਨਾ ਤੋਂ ਬਾਅਦ ਉਹ ਸੈਕਟਰ 10 ਵਿੱਚ ਕਿਸੇ ਜਨਮ ਦਿਨ ਦੀ ਪਾਰਟੀ ਵਿੱਚ ਚਲੀ ਗਈ ਸੀ। ਜਿਕਰਯੋਗ ਹੈ ਕਿ ਸੈਕਟਰ-10 ਤੋਂ ਸੈਕਟਰ 27 ਦੀ ਦੂਰੀ 10 ਤੋਂ 15 ਮਿੰਟ ਦੀ ਹੈ।
ਅਦਾਲਤ ਨੇ ਸੁਣਵਾਈ ਦੌਰਾਨ ਕਰੀਬ 1 ਘੰਟੇ ਦੀ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੀਬੀਆਈ ਨੇ ਆਪਣੇ ਜਵਾਬ ਵਿੱਚ ਕਿਹਾ ਹੈ ਕਿ ਕਲਿਆਣੀ ਨੇ ਆਪਣੀ ਜ਼ਮਾਨਤ ਅਰਜ਼ੀ ਵਿੱਚ ਗਲਤ ਤੱਥ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ‘ਚ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਜਾਵੇ। ਕਲਿਆਣੀ ਨੂੰ ਇਸ ਸਾਲ 15 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ 6 ਦਿਨ ਦੇ ਰਿਮਾਂਡ ਤੋਂ ਬਾਅਦ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ।