ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕਾਉਣ ਵਾਲਾ ਦਿੱਲੀ ਤੋਂ ਕਾਬੂ , ਮਸ਼ਹੂਰ ਹੋਣ ਲਈ ਇੰਸਟਾਗ੍ਰਾਮ ਤੇ ਬਣਾਈ ਸੀ ਆਈ.ਡੀ
ਮਾਨਸਾ, 8 ਸਤੰਬਰ(ਵਿਸ਼ਵ ਵਾਰਤਾ) –ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ ਭੇਜ ਕੇ ਧਮਕਾਉਣ ਵਾਲੇ ਨੂੰ ਮਾਨਸਾ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ। ਪੁਲਿਸ ਦੀ ਮੁੱਢਲੀ ਤਫਤੀਸ਼ ਵਿੱਚ ਇਹ ਵਿਅਕਤੀ ਮਸ਼ਹੂਰੀ ਚਾਹੁੰਦਾ ਸੀ। ਜਿਸ ਕਰਕੇ ਉਸ ਨੇ ਇੰਸਟਾਗ੍ਰਾਮ ਤੇ ਆਈ.ਡੀ ਬਣਾ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈ-ਮੇਲ ਭੇਜੀ ਅਤੇ ਧਮਕਾਇਆ। ਥਾਣਾ ਸਦਰ ਮਾਨਸਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।
ਐੱਸ.ਐੱਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇੱਕ ਵਿਅਕਤੀ ਨੇ ਈ-ਮੇਲ ਭੇਜ ਕੇ ਧਮਕਾਇਆ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਟਿੱਪਣੀਆਂ ਨਾ ਕਰੇ ਕਿਉਂਕਿ ਉਸ ਦੇ ਦਬਾਅ ਕਾਰਨ ਹੀ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਹੋਇਆ ਹੈ। ਐੱਸ.ਐੱਸ.ਪੀ ਤੂਰਾ ਨੇ ਦੱਸਿਆ ਕਿ ਪੁਲਿਸ ਨੇ ਦਿੱਲੀ ਦੇ ਬਹਾਦਰਗੜ੍ਹ ਏਰੀਏ, ਮਹੀਪਾਲ ਵਾਸੀ ਕਾਕੇਲਵ ਫਿਟਕਾਸੀ, ਜਿਲ੍ਹਾ ਜੋਧਪੁਰ (ਰਾਜਸਥਾਨ) ਨੂੰ ਦੋ ਮੋਬਾਇਲ ਫੋਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਸ ਵਿਅਕਤੀ ਨੇ ਮਸ਼ਹੂਰ ਹੋਣ ਲਈ ਏ.ਜੇ ਬਿਸ਼ਨੋਈ ਦੇ ਨਾਮ ਤੇ ਇੰਸਟਾਗ੍ਰਾਮ ਤੇ ਆਈ.ਡੀ ਬਣਾਈ ਸੀ ਅਤੇ ਸੋਪੂ ਗਰੁੱਪ ਨੂੰ ਫੋਲੋ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦਾ 5 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਜਿਸ ਵਿੱਚ ਇਸ ਤੋਂ ਪੁੱਛਗਿਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਇਸ ਕੋਈ ਹੋਰ ਸਾਥੀ ਇਸ ਵਿੱਚ ਸ਼ਾਮਿਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹੋਰ ਗੰਨਮੈਨ ਦੇ ਕੇ ਉਸ ਦੀ ਸੁਰੱਖਿਆ ਵਧਾਈ ਗਈ ਹੈ ਅਤੇ ਮਾਨਸਾ ਪੁਲਿਸ ਵੱਲੋਂ ਇਸ ਕੇਸ ਵਿੱਚ ਕਾਰਵਾਈ ਜਾਰੀ ਹੈ। ਇਸ ਮੌਕੇ ਐੱਸ.ਪੀ.ਡੀ ਬਾਲ ਕ੍ਰਿਸ਼ਨ ਅਤੇ ਐੱਸ.ਐੱਚ.ਓ ਯਾਦਵਿੰਦਰ ਸਿੰਘ ਹਾਜਰ ਸਨ।