ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲੀਆਂ ਧਮਕੀਆਂ ਦੀ ਜਾਂਚ ਵਿਚ ਜੁਟੀ ਪੁਲੀਸ – ਗੌਰਵ ਤੂਰਾ,ਐਸਐਸਪੀ ਮਾਨਸਾ
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)- 29 ਮਈ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਵੱਲੋਂ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਈ-ਮੇਲ ਭੇਜ ਕੇ ਧਮਕੀਆਂ ਦਿੱਤੀਆਂ ਗਈਆਂ ਹਨ।
ਪਰਿਵਾਰ ਵੱਲੋਂ ਇਸ ਦੀ ਸੂਚਨਾ ਮਾਨਸਾ ਪੁਲੀਸ ਨੂੰ ਦੇਣ ਤੋਂ ਬਾਅਦ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਈਮੇਲ ਨੂੰ ਗੂਗਲ ਰਾਹੀਂ ਪੜਤਾਲਿਆ ਜਾ ਰਿਹਾ ਹੈ ਅਤੇ ਪੁਲੀਸ ਨੂੰ ਆਸ ਹੈ ਕਿ ਇਸ ਧਮਕੀ ਦੇ ਅਸਲੀ ਨਕਲੀ ਹੋਣ ਦਾ ਮਾਮਲਾ ਸਾਫ਼ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀ ਸੁਰੱਖਿਆ ਪਹਿਲੇ ਦਿਨ ਤੋਂ ਹੀ ਵਧਾਈ ਹੋਈ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਧਮਕੀ ਲਾਰੈਂਸ ਗੈਂਗ ਦੇ ਗੁਰਗੇ ਅਜੇ ਲਾਰੈਂਸ ਨੇ ਸਿੱਧੂ ਮੂਸੇਵਾਲਾ ਦੀ ਈਮੇਲ ਉਤੇ ਭੇਜੀ ਸੀ। ਜਿਸ ਵਿੱਚ ਗੈਂਗ ਨਾਲ ਹੀ ਸੰਬੰਧਿਤ ਸੋਪੂ ਗਰੁੱਪ ਨੇ ਸਿੱਧੂ ਦੇ ਪਿਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪਰੀਆ ਦੀ ਸੁਰੱਖਿਆ ਬਾਰੇ ਕੁਝ ਵੀ ਨਾ ਬੋਲਣ।ਈ-ਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਕੁੱਸਾ ਦਾ ਪੁਲੀਸ ਐਨਕਾਉਂਟਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਬਾਅ ਕਾਰਨ ਹੀ ਹੋਇਆ ਹੈ।