ਸਿੱਧੂ ਮੂਸੇਵਾਲਾ ਦੇ ਚਚੇਰੇ ਭਰਾ ਨੇ ਵੀ ਧਰਿਆ ਗਾਇਕੀ ’ਚ ਪੈਰ
ਮਾਨਸਾ, 1 ਅਪ੍ਰੈਲ(ਵਿਸ਼ਵ ਵਾਰਤਾ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਪੰਜਾਬੀ ਗਾਇਕੀ ਵਿੱਚ ਪੈਰ ਧਰਿਆ ਹੈ। ਪਰਿਵਾਰ ਵੰਨੀਓ ਛੇਤੀ ਹੀ ਉਸ ਨੂੰ ਮਾਰਕਿਟ ਵਿੱਚ ਉਤਾਰਿਆ ਜਾਵੇਗਾ।
ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਦੇ ਪੁੱਤਰ ਜਸ਼ਨਦੀਪ ਸਿੰਘ ਸਿੱਧੂ ਨੂੰ ਯੂ-ਟਿਊਬ ’ਤੇ ਮੂਸੇਵਾਲਾ ਦੀ ਗਾਇਕੀ ਦੇ ਅੰਦਾਜ਼ ਨਾਲ ’ਬਦਮਾਸ਼ੀ’ ਗੀਤ ਕੱਢਿਆ ਹੈ, ਜਿਸ ਨੂੰ ਯੂ-ਟਿਊਬ ਉਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜ਼ਸ਼ਨਦੀਪ ਸਿੰਘ ਇਸ ਵੇਲੇ ਵਿਦੇਸ਼ ਰਹਿੰਦਾ ਹੈ ਅਤੇ ਕਿਸੇ ਕੰਪਨੀ ਵਿੱਚ ਨੌਕਰੀ ਕਰਦਾ ਹੈ। ਜਸ਼ਨਦੀਪ ਸਿੰਘ ਦੇ ਪਿਤਾ ਚਮਕੌਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੰਜ ਦੇ ਕਰੀਬ ਗੀਤ ਕੱਢ ਚੁੱਕਿਆ ਹੈ। ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਪਰਿਵਾਰ ਨੇ ਇਹ ਫੈਸਲਾ ਕੀਤਾ ਹੈ ਕਿ ਪਰਿਵਾਰ ਵਿੱਚ ਗਾਇਕੀ ਨੂੰ ਚੱਲਦਾ ਰੱਖਣ ਅਤੇ ਪ੍ਰਸ਼ੰਸਕਾਂ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਜਸ਼ਨਦੀਪ ਸਿੰਘ ਸਿੱਧੂ ਨੂੰ ਆਉਂਦੇ ਸਮੇਂ ਵਿੱਚ ਜੋਸ਼-ਖਰੋਸ਼ ਨਾਲ ਪੰਜਾਬੀ ਗਾਇਕੀ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਵਕਤ ਸਹੀ ਵੇਖਦਿਆਂ ਹੀ ਜਸ਼ਨਦੀਪ ਸਿੱਧੂ ਹੋਰ ਗੀਤ ਲੈਕੇ ਮਾਰਕਿਟ ਵਿੱਚ ਆਵੇਗਾ।
ਉਧਰ ਇਸੇ ਪਿੰਡ ਦੇ ਜੰਮਪਾਲ ਅਧਿਆਪਕ ਹਰਦੀਪ ਸਿੱਧੂ,ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਗੁਰਸ਼ਰਨ ਸਿੰਘ ਮੂਸਾ ਦਾ ਕਹਿਣਾ ਹੈ ਕਿ ਬੇਸ਼ੱਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਆਪਣਾ ਮੁਕਾਮ ਸੀ ਅਤੇ ਨਾ ਹੀ ਉਸ ਨੂੰ ਭੁੱਲਿਆ ਜਾ ਸਕਦਾ ਹੈ, ਪਰ ਉਨ੍ਹਾਂ ਦੇ ਭਰਾ ਜਸ਼ਨਦੀਪ ਸਿੰਘ ਸਿੱਧੂ ਵੱਲੋਂ ਪੰਜਾਬੀ ਗਾਇਕੀ ਵਿੱਚ ਆਉਣ ਨਾਲ ਪਰਿਵਾਰ ਅਤੇ ਉਸਦੇ ਪ੍ਰਸੰਸਕਾਂ ਨੂੰ ਸ਼ਕੂਨ ਜ਼ਰੂਰ ਮਿਲੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਜਸ਼ਨਦੀਪ ਸਿੱਧੂ ਨੂੰ ਸ਼ੁਭਦੀਪ ਵੱਲੋਂ ਪੇਸ਼ ਕੀਤੀ ਗਾਇਕੀ ਨੂੰ ਹੋਰ ਅੱਗੇ ਵਧਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।