ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਿੱਛੋਂ ਲਾਰੈਂਸ ਅਤੇ ਬੰਬੀਹਾ ਗੈਂਗ ਦਾ ਆਪਸੀ ਵੈਰ ਹੋਰ ਵਧਿਆ
ਮਾਨਸਾ, 15 ਸਤੰਬਰ(ਵਿਸ਼ਵ ਵਾਰਤਾ)-ਮਾਨਸਾ ਪੁਲੀਸ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ੋਸਲ ਮੀਡੀਆ ਰਾਹੀਂ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗੈਂਗ ਵੱਲੋਂ ਇੱਕ ਦੂਜੇ ਨੂੰ ਦਿੱਤੀਆਂ ਜਾ ਰਹੀਆਂ ਚੁਣੌਤੀਆਂ ਨੂੰ ਹੁਣ ਗੰਭੀਰਤਾ ਨਾਲ ਘੋਖਣ ਲੱਗੀ ਹੈ। ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਹਰ ਦੂਜੇ-ਤੀਜੇ ਦਿਨ ਇਨ੍ਹਾਂ ਗੈਂਗ ਗਰੁੱਪਾਂ ਦੀਆਂ ਇੱਕ-ਦੂਜੇ ਨੂੰ ਨਵੀਂਆਂ ਤੋਂ ਨਵੀਂਆਂ ਚੁਣੌਤੀਆਂ ਆ ਰਹੀਆਂ ਹਨ। ਮਾਨਸਾ ਪੁਲੀਸ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਕਿਸੇ ਵੱਲੋਂ ਲਾਰੈਂਸ ਦਾ ਨਾਂ ਵਰਤਕੇ ਈ-ਮੇਲ ’ਤੇ ਪਾਈ ਧਮਕੀ ਦੀ ਤਹਿ ਤੱਕ ਪੁੱਜਕੇ ਅਸਲ ਦੋਸ਼ੀ ਨੂੰ ਫੜ੍ਹ ਚੁੱਕੀ ਹੈ।
ਉਧਰ ਅੱਜ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈਕੇ ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ, ਜਿਸ ਵਿੱਚ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਵਿਦੇਸ਼ ਬੈਠਕੇ ਗੱਲ ਨਾ ਕਰਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਹਿੰਮਤ ਹੈ ਤਾਂ ਪੰਜਾਬ ਆਕੇ ਗੱਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ, ਹਾਲਾਂਕਿ ਮੂਸੇਵਾਲਾ ਨਾਲ ਕੋਈ ਸਬੰਧ ਨਹੀਂ ਸੀ,ਪਰ ਗੋਲਡੀ ਬਰਾੜ ਵੱਲੋਂ ਬੇਕਸੂਰ ਪੰਜਾਬੀ ਗਾਇਕ ਦਾ ਕਤਲ ਕਰਕੇ ਅਤੇ ਉਸ ਨੂੰ ਬੰਬੀਹਾ ਗੈਂਗ ਦਾ ਹੋਣ ਦਾ, ਜੋ ਦਾਅਵਾ ਕੀਤਾ ਹੈ, ਉਸਦਾ ਖਮਿਆਜ਼ਾ ਭੁਗਤਣਾ ਪਵੇਗਾ।
ਇਸ ਪੋਸਟ ਰਾਹੀਂ ਬੰਬੀਹਾ ਗੈਂਗ ਗੋਲਡੀ ਬਰਾੜ ਨੂੰ ਪੰਜਾਬ ਆਉਣ ਲਈ ਸ਼ਰੇਆਮ ਚੁਣੌਤੀ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਪੁਲੀਸ ਨੇ ਨੇਪਾਲ ਬਾਰਡਰ ਤੋਂ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੀਪਕ ਮੁੰਡੀ,ਕਪਿਲ ਪੰਡਿਤ ਅਤੇ ਰਾਜੇਂਦਰ ਜੋਕਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤਿੰਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖੁਲਾਸੇ ਵੀ ਹੋ ਰਹੇ ਹਨ।ਪੰਜਾਬ ਸਮੇਤ 3 ਹੋਰ ਸੂਬਿਆਂ ’ਚ ਗੈਂਗਸਟਰਾਂ ਦੇ ਘਰਾਂ ’ਤੇ ਵੀ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੇਂਦਰ ਦੀਆਂ ਜਾਂਚ ਏਜੰਸੀਆਂ ਪਹਿਲਾਂ ਹੀ ਪੰਜਾਬ ਪੁਲੀਸ ਨੂੰ ਜਾਣਕਾਰੀ ਦੇ ਚੁੱਕੀਆਂ ਹਨ ਕਿ ਪੰਜਾਬ ਵਿੱਚ ਵੱਡੀ ਗੈਂਗ ਵਾਰ ਹੋਣ ਦੀ ਪੂਰੀ ਸੰਭਾਵਨਾ ਹੈ।ਇਸ ਸੂਚਨਾ ਤੋਂ ਬਾਅਦ ਪੰਜਾਬ ਪੁਲੀਸ ਵੀ ਅਲਰਟ ਹੈ ਅਤੇ ਹੁਣ ਇਸ ਤਰ੍ਹਾਂ ਇੱਕ ਦੂਜੇ ਨੂੰ ਧਮਕੀਆਂ ਦੇਣ ਵਾਲੇ ਦੋਵੇਂ ਧੜੇ ਪੰਜਾਬ ਦਾ ਮਾਹੌਲ ਖਰਾਬ ਕਰ ਸਕਦੇ ਹਨ। ਪੰਜਾਬ ਵਿੱਚ ਬੰਬੀਹਾ ਗੈਂਗ ਅਤੇ ਲਾਰੈਂਸ ਗੈਂਗ ਕਿਸੇ ਵੀ ਸਮੇਂ ਆਪਸ ਵਿੱਚ ਭਿੜ ਸਕਦੇ ਹਨ। ਬੰਬੀਹਾ ਗੈਂਗ ਮੂਸੇਵਾਲਾ ਹੱਤਿਆਕਾਂਡ ਦੇ ਮੁੱਖ ਸਾਜ਼ਸ਼ਿਕਰਤਾ ਗੈਂਗਸਟਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੂੰ ਨਿਸ਼ਾਨਾ ਬਣਾ ਸਕਦਾ ਹੈ। ਬੰਬੀਹਾ ਗੈਂਗ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਲਾਰੈਂਸ ਅਤੇ ਜੱਗੂ ਨੂੰ ਪੁਲੀਸ ਹਿਰਾਸਤ ਵਿੱਚ ਮਾਰ ਦੇਣਗੇ। ਉਦੋਂ ਤੋਂ ਲਾਰੇਂਸ ਦੀ ਪੇਸ਼ਕਾਰੀ ਵੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਜਾ ਰਹੀ ਹੈ।
ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਹਿਮਾਚਲ ਦੀ ਨਾਲਾਗੜ੍ਹ ਅਦਾਲਤ ’ਚ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ, ਜਿਸ ਵਿੱਚ ਕੌਸ਼ਲ ਚੌਧਰੀ ਨੇ ਲਿਖਿਆ ਕਿ ਨਾਲਾਗੜ੍ਹ ਦੀ ਅਦਾਲਤ ਵਿੱਚ ਗੋਲੀਬਾਰੀ ਲਾਰੈਂਸ ਗੈਂਗ ਨੇ ਨਹੀਂ, ਬੰਬੀਹਾ ਗੈਂਗ ਨੇ ਕੀਤੀ ਸੀ। ਉਹ ਸ਼ੂਟਰ ਸੰਨੀ ਲੈਫਟੀ ਨੂੰ ਬਚਾਉਣ ਗਿਆ ਸੀ। ਬੰਬੀਹਾ ਗੈਂਗ ਦੇ 6 ਲੋਕਾਂ ਨੂੰ ਦਿੱਲੀ ਸਪੈਸ਼ਲ ਸੈੱਲ ਦੀ ਪੁਲੀਸ ਨੇ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਬੰਬੀਹਾ ਗੈਂਗ ਨੇ ਪੁਲੀਸ ਹਿਰਾਸਤ ’ਚ ਲਾਰੇਂਸ ਅਤੇ ਜੱਗੂ ਨੂੰ ਪ੍ਰੋਡਕਸ਼ਨ ਦੇ ਸਮੇਂ ਆਪਣਾ ਨਿਸ਼ਾਨਾ ਬਣਾਇਆ ਹੈ।
ਇਸੇ ਦੌਰਾਨ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਸ਼ੋਸਲ ਮੀਡੀਆ ’ਤੇ ਪਾਈਆਂ ਜਾ ਰਹੀਆਂ ਅਜਿਹੀਆਂ ਪੋਸਟਾਂ ਬਾਰੇ ਮਾਨਸਾ ਪੁਲੀਸ ਪਹਿਲਾਂ ਹੀ ਗੰਭੀਰ ਹੈ ਅਤੇ ਇਨ੍ਹਾਂ ਉਪਰ ਬਕਾਇਦਾ ਨਜ਼ਰਸਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਕਿਸੇ ਨੂੰ ਵੀ ਅਜਿਹੀਆਂ ਪੋਸਟਾਂ ਕਰਕੇ ਮਾਹੌਲ ਖ਼ਰਾਬ ਕਰਨ ਦੀ ਬਿਲਕੁਲ ਆਗਿਆ ਨਹੀਂ ਦੇਵੇਗੀ।