ਸਿੱਧੂ ਮੂਸੇਵਾਲਾ ‘ਤੇ ਸਭ ਤੋਂ ਨੇੜੇ ਤੋਂ ਗੋਲੀਆਂ ਚਲਾਉਣ ਵਾਲੇ ਅੰਕਿਤ ਸੇਰਸਾ ਦੀ ਅੱਜ ਮੁੜ ਤੋਂ ਕੋਰਟ ਵਿੱਚ ਪੇਸ਼ੀ
ਪੁੱਛਗਿੱਛ ਦੌਰਾਨ ਕੀਤੇ ਕਈ ਅਹਿਮ ਖੁਲਾਸੇ
ਪੜ੍ਹੋ ਗੋਲਡੀ ਬਰਾੜ ਨੂੰ ਕਿਹੜੀ ਗੱਲ ਪਿੱਛੇ ਦੱਸਿਆ ਫਰਾੱਡ
ਚੰਡੀਗੜ੍ਹ,23 ਜੁਲਾਈ (ਵਿਸ਼ਵ ਵਾਰਤਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸ਼ਾਰਪਸ਼ੂਟਰ 19 ਸਾਲਾ ਅੰਕਿਤ ਸੇਰਸਾ ਅਤੇ ਉਸਦੀ ਸਹਾਇਤਾ ਕਰਨ ਵਾਲੇ ਸਚਿਨ ਭਿਵਾਨੀ ਨੂੰ ਥੋੜ੍ਹੀ ਦੇਰ ਵਿੱਚ ਹੀ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 8 ਦਿਨਾਂ ਤੋਂ ਪੰਜਾਬ ਪੁਲਿਸ ਦੇ ਰਿਮਾਂਡ ‘ਤੇ ਸਨ। ਦੱਸ ਦਈਏ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਹੈ। ਸਰਸਾ ਅਤੇ ਭਿਵਾਨੀ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਕਤਲ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ।
ਅੰਕਿਤ ਸੇਰਸਾ ਦੀ ਉਮਰ ਸਿਰਫ 19 ਸਾਲ ਹੈ। ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ‘ਚ ਸ਼ਾਮਲ ਹੋਇਆ ਸੀ। ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਅੰਕਿਤ ਨੇ ਰਾਜਸਥਾਨ ‘ਚ 2 ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਮੋਨੂੰ ਡਾਗਰ ਨਾਲ ਹੋਈ। ਡਾਗਰ ਨੇ ਉਸ ਨੂੰ ਲਾਰੈਂਸ ਦੇ ਭਰਾ ਅਨਮੋਲ ਨਾਲ ਮਿਲਾਇਆ। ਫਿਰ ਉਹ ਲਾਰੈਂਸ ਗੈਂਗ ਦਾ ਸਰਗਨਾ ਬਣ ਗਿਆ। ਅੰਕਿਤ ਸੇਰਸਾ ਨੇ ਮੂਸੇਵਾਲਾ ਤੇ ਸਭ ਤੋਂ ਨੇੜੇ ਗੋਲੀ ਚਲਾਈ ਸੀ। ਉਸ ਨੇ ਦੋਨਾਂ ਹੱਥਾਂ ਵਿੱਚ ਪਿਸਤੌਲ ਫੜੀ ਹੋਈ ਸੀ।
ਦਿੱਲੀ ਪੁਲਿਸ ਨੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਅੰਕਿਤ ਸੇਰਸਾ ਦੇ ਮੋਬਾਈਲ ਦੀ ਤਲਾਸ਼ੀ ਲਈ। ਜਿਸ ਵਿੱਚੋਂ ਕਤਲ ਤੋਂ ਬਾਅਦ ਸ਼ੂਟਰਾਂ ਦੇ ਜਸ਼ਨ ਮਨਾਉਣ ਵਾਲੀ ਵੀਡੀਓ ਵੀ ਪ੍ਰਾਪਤ ਹੋਈ ਸੀ।
ਪੰਜਾਬ ਪੁਲਸ ਦੀ ਪੁੱਛਗਿੱਛ ‘ਚ ਅੰਕਿਤ ਸੇਰਸਾ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੇ ਉਸ ਨੂੰ ਫਿਰੌਤੀ ਦੇ ਪੈਸੇ ਦੇਣ ਦੀ ਗੱਲ ਕਹੀ ਸੀ। ਉਸ ਨੇ ਨਾਲ ਹੀ ਇਹ ਦਾਅਵਾ ਕੀਤਾ ਕਿ ਕਤਲ ਤੋਂ ਬਾਅਦ ਗੋਲਡੀ ਨੇ ਉਸਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਸੀ। ਉਸ ਨੂੰ ਨਾ ਤਾਂ ਕੋਈ ਪੈਸਾ ਦਿੱਤਾ ਗਿਆ ਅਤੇ ਨਾ ਹੀ ਲਾਰੈਂਸ ਗੈਂਗ ਨੇ ਉਸ ਦਾ ਸਾਥ ਦਿੱਤਾ।