ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਸਾਥੀ ਤੋਂ ਹੋਵੇਗੀ ਪੁੱਛਗਿੱਛ
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਬਿਠਾ ਕੇ ਹੋਣਗੇ ਸਵਾਲ-ਜਵਾਬ
ਚੰਡੀਗੜ੍ਹ 1 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਪਿਛਲੇ ਸਾਲ 29 ਮਈ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪਿਛਲੇ ਦਿਨੀਂ ਮੋਹਾਲੀ ਤੋਂ ਫੜੇ ਗਏ ਰਾਜਵੀਰ ਰਵੀ ਰਾਜਗੜ੍ਹ ਨੂੰ ਵੀ ਸ਼ੱਕੀ ਮੰਨਿਆ ਜਾ ਰਿਹਾ ਹੈ। ਹੋਰ ਜਾਣਕਾਰੀ ਅਨੁਸਾਰ 4 ਦਿਨ ਦੇ ਮੁਹਾਲੀ ਪੁਲਿਸ ਦੇ ਰਿਮਾਂਡ ‘ਤੇ ਆਏ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਰਵੀ ਰਾਜਗੜ੍ਹ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿਛ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਰਾਜਵੀਰ ਨੂੰ AGTF ਨੇ 4 ਦਿਨ ਪਹਿਲਾਂ ਮੋਹਾਲੀ ਤੋਂ ਚੀਨੀ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ‘ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਹਥਿਆਰਾਂ ਦੀ ਸਪਲਾਈ ਕਰਨ ਦਾ ਦੋਸ਼ ਹੈ। ਦੂਜੇ ਪਾਸੇ ਰਾਜਵੀਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਦੱਸਿਆ ਜਾ ਰਿਹਾ ਹੈ।ਇਸ ਦੇ ਚੱਲਦਿਆਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਰਾਜਵੀਰ ਮੂਸੇਵਾਲਾ ਕਤਲ ਕੇਸ ਵਿੱਚ ਕਈ ਰਾਜ਼ ਖੋਲ੍ਹ ਸਕਦਾ ਹੈ। ਰਾਜਵੀਰ ਰਵੀ ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਕਸਬੇ ਦੇ ਪਿੰਡ ਰਾਜਗੜ੍ਹ ਦਾ ਵਸਨੀਕ ਹੈ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ।
ਜੱਗੂ ਭਗਵਾਨਪੁਰੀਆ ਅਤੇ ਰਾਜਵੀਰ ਦੋਵੇਂ ਗੈਂਗਸਟਰ ਲਾਰੈਂਸ ਸਿੰਡੀਕੇਟ ਦੇ ਮੈਂਬਰ ਹਨ। ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਨੇ ਲਾਰੈਂਸ ਨੂੰ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਦੱਸਿਆ ਹੈ।