ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੰਜਾਬ ਲਿਆਂਦੇ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਰਿਮਾਂਡ
ਪੜ੍ਹੋ ਕਿਸ ਮਾਮਲੇ ਵਿੱਚ ਅਤੇ ਕਿੰਨੇ ਦਿਨ ਦਾ ਮਿਲਿਆ ਰਿਮਾਂਡ
ਚੰਡੀਗੜ੍ਹ,28 ਜੂਨ(ਵਿਸ਼ਵ ਵਾਰਤਾ)–ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਅੰਮ੍ਰਿਤਸਰ ਪੁਲਿਸ ਨੇ 8 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਹੁਣ 6 ਜੁਲਾਈ ਨੂੰ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਨੂੰ 3 ਅਗਸਤ ਨੂੰ ਅੰਮ੍ਰਿਤਸਰ ਵਿੱਚ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਦੇ ਸਬੰਧ ਵਿੱਚ ਸਖ਼ਤ ਸੁਰੱਖਿਆ ਹੇਠ ਮੰਗਲਵਾਰ ਸਵੇਰੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਿਮਾਂਡ ਦੌਰਾਨ ਉਸ ਕੋਲੋਂ ਸਿੱਧੂ ਮੂਸੇਵਾਲਾ ਅਤੇ ਰਾਣਾ ਕੰਧੋਵਾਲੀਆ ਕਤਲ ਕੇਸਾਂ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।
ਜਾਣਕਾਰੀ ਲਈ ਦੱਸ ਦਈਏ ਕਿ ਲਾਰੈਂਸ ਨੂੰ ਕੱਲ੍ਹ ਦੇਰ ਰਾਤ 12.30 ਵਜੇ ਸਖ਼ਤ ਸੁਰੱਖਿਆ ਵਿਚਕਾਰ ਅੰਮ੍ਰਿਤਸਰ ਲਿਆਂਦਾ ਗਿਆ। ਲਾਰੈਂਸ ਬਿਸ਼ਨੋਈ ਨੂੰ ਸੋਮਵਾਰ ਸ਼ਾਮ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਨੇ ਟਰਾਂਜ਼ਿਟ ਰਿਮਾਂਡ ’ਤੇ ਲਿਆ ਸੀ। ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਮਾਲ ਮੰਡੀ ਸਥਿਤ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਵਿੱਚ ਰੱਖਿਆ ਗਿਆ ਹੈ।ਲਾਰੈਂਸ ਦੇ ਆਉਣ ਤੋਂ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ SSOC ਵਿੱਚ ਮੌਜੂਦ ਸਨ। SSOC ਦੀ ਸੁਰੱਖਿਆ ਪਹਿਲਾਂ ਨਾਲੋਂ ਹੋਰ ਸਖ਼ਤ ਕਰ ਦਿੱਤੀ ਗਈ ਹੈ। ਕਾਲੇ ਕਮਾਂਡੋ ਅਤੇ ਬਖਤਰਬੰਦ ਗੱਡੀਆਂ ਬਾਹਰ ਤਾਇਨਾਤ ਹਨ। ਤਿੰਨ ਲੇਅਰ ਸੁਰੱਖਿਆ ਸਥਾਪਿਤ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਜਿਸ ਤੋਂ ਬਾਅਦ ਉਸਨੂੰ ਅੱਜ ਸਵੇਰੇ 8.30 ਵਜੇ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ 3 ਅਗਸਤ, 2021 ਨੂੰ ਕਤਲ ਕੀਤੇ ਗਏ ਰਾਣਾ ਕੰਧੋਵਾਲੀਆ ਕਤਲ ਕੇਸ ਦੀ ਜਾਂਚ ਲਈ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ ਦੀ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਨੂੰ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਣਾ ਕੰਧੋਵਾਲੀਆ ਨੂੰ ਅੰਮ੍ਰਿਤਸਰ ਦੇ ਸਰਕੂਲਰ ਰੋਡ ‘ਤੇ ਸਥਿਤ ਕੇਡੀ ਹਸਪਤਾਲ ‘ਚ ਰਾਤ ਸਮੇਂ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਹਸਪਤਾਲ ‘ਚ ਦਾਖਲ ਆਪਣੇ ਪਿੰਡ ਦੀ ਇਕ ਔਰਤ ਨੂੰ ਮਿਲਣ ਗਿਆ ਸੀ।
ਕਤਲ ਤੋਂ ਅਗਲੇ ਦਿਨ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਮਗਰੋਂ ਪੁਲੀਸ ਨੇ ਜੱਗੂ, ਜਗਰੋਸ਼ਨ ਸਿੰਘ ਹੁੰਦਲ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਲਾਰੈਂਸ ਬਿਸ਼ਨੋਈ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੁਣ ਜਦੋਂ ਪੰਜਾਬ ਪੁਲਿਸ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਨੂੰ ਲੈ ਕੇ ਆਈ ਹੈ ਤਾਂ ਉਸ ਤੋਂ ਹੋਰ ਮਾਮਲਿਆਂ ਵਿੱਚ ਵੀ ਪੁੱਛਗਿੱਛ ਕੀਤੀ ਜਾਵੇਗੀ।