ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਨੂੰ ਹੱਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਵਿੱਚ ਵਾਧਾ
ਚੰਡੀਗੜ੍ਹ 14 ਦਸੰਬਰ(ਵਿਸ਼ਵ ਵਾਰਤਾ)- 29 ਮਈ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਲਾ ਦੇ ਕਤਲਕਾਂਡ ਮਾਮਲੇ ਨੂੰ ਹੱਲ ਕਰਨ ਵਿੱਚ ਭੂਮਿਕਾ ਨਿਭਾਉਣ ਵਾਲੇ ਦਿੱਲੀ ਦੇ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਜਿਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਪੈਸ਼ਲ ਸੀਪੀ, ਐਚਜੀਐਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈਲ ਮਨੀਸ਼ੀ ਚੰਦਰ, ਡੀਸੀਪੀ ਰਾਜੀਵ ਰੰਜਨ ਸ਼ਾਮਿਲ ਹਨ। ਜਿਨ੍ਹਾਂ ਲਈ ਵਾਈ ਸ਼੍ਰੇਣੀ ਦੀ ਸੁਰੱਖਿਆ ਮੰਨਜ਼ੂਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਘਰਾਂ ਉੱਤੇ 24 ਘੰਟੇ ਸੁਰੱਖਿਆ ਤੈਨਾਤ ਰਹੇਗੀ।
ਇਸ ਤੋਂ ਇਲਾਵਾ ਕਤਲ ਕੇਸ ਨੂੰ ਹੱਲ ਕਰਨ ਵਿੱਚ ਤੈਨਾਤ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਵੀ ਵਧਾਈ ਗਈ ਹੈ। ਇਨ੍ਹਾਂ ਨਾਲ ਇਕ ਕਮਾਂਡੋ ਹਰ ਸਮੇਂ ਮੌਜੂਦ ਰਹੇਗਾ। ਇੱਕ ਪ੍ਰਮੁੱਖ ਨਿਊਜ਼ ਚੈਨਲ ਦੀ ਖਬਰ ਮੁਤਾਬਕ ਜਿਨ੍ਹਾਂ ਪੁਲਿਸ ਕਰਮਚਾਰੀਆਂ ਦੇ ਨਾਲ ਕਮਾਂਡੋ ਰਹੇਗਾ ਉਨ੍ਹਾਂ ਵਿੱਚ ਏਸੀਪੀ ਲਲਿਤ ਨੇਗੀ, ਏਸੀਪੀ ਭੂਸ਼ਣ, ਏਸੀਪੀ ਵੇਦ ਪ੍ਰਕਾਸ਼, ਏਸੀਪੀ ਰਾਹੁਲ ਵਿਕਰਮ, ਇੰਸਪੈਕਟਰ ਰਵਿੰਦਰ ਜੋਸ਼ੀ, ਇੰਸਪੈਕਟਰ ਸੁਨੀਲ ਕੁਮਾਰ, ਇੰਸਪੈਕਟਰ ਵਿਕਰਮ ਦਹੀਆ, ਇੰਸਪੈਕਟਰ ਨਿਸ਼ਾਂਤ ਦਹੀਆ, ਇੰਸਪੈਕਟਰ ਵਿਨੋਦ ਕੁਮਾਰ ਸ਼ਾਮਲ ਹਨ।