ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ
ਸਿੱਧੂ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੇ ਭਰਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ; ਲਾਰੈਂਸ ਬਿਸ਼ਨੋਈ ਨਾਲ ਰਹਿ ਚੁੱਕਾ ਹੈ ਜੇਲ੍ਹ ਵਿੱਚ
ਚੰਡੀਗੜ੍ਹ,12 ਸਤੰਬਰ(ਵਿਸ਼ਵ ਵਾਰਤਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਨੇ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੇ ਭਰਾ ਬਿੱਟੂ ਨੂੰ ਫੜ ਲਿਆ ਹੈ। ਬਿੱਟੂ ਨੂੰ ਹਰਿਆਣਾ ਦੇ ਡੱਬਵਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਵੀ ਮੂਸੇਵਾਲਾ ਦੀ ਰੇਕੀ ਕਰਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਬਿੱਟੂ ਲਾਰੈਂਸ ਨਾਲ ਜੇਲ੍ਹ ਵਿੱਚ ਰਿਹਾ ਹੈ। ਪੁਲਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ।
ਸੂਤਰਾਂ ਮੁਤਾਬਕ ਬਿੱਟੂ ਸਿੰਘ ਮੂਸੇਵਾਲਾ ਦੀ ਕਾਰ ‘ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ‘ਚੋਂ ਇਕ ਪ੍ਰਿਆਵਰਤਾ ਦੇ ਸੰਪਰਕ ‘ਚ ਸੀ। ਇਸ ਤੋਂ ਇਲਾਵਾ ਉਹ ਲਾਰੈਂਸ ਨਾਲ ਜੇਲ੍ਹ ਵਿੱਚ ਵੀ ਰਿਹਾ ਹੈ। ਦੋਵੇਂ ਭਰਾ ਸੰਦੀਪ ਅਤੇ ਬਿੱਟੂ ਕਾਫੀ ਸਮੇਂ ਤੋਂ ਰੇਕੀ ਕਰ ਰਹੇ ਸਨ। ਪੁਲਿਸ ਉਸ ਨੂੰ ਮਾਨਸਾ ਲੈ ਆਈ ਹੈ ਅਤੇ ਥੋੜ੍ਹੀ ਦੇਰ ਵਿੱਚ ਹੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਲਿਆ ਜਾਵੇਗਾ। ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹੋਰ ਕਿਸ ਦੇ ਸੰਪਰਕ ਵਿਚ ਸੀ। ਇਸ ਦੇ ਨਾਲ ਹੀ ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਅੱਧੀ ਦਰਜਨ ਦੇ ਕਰੀਬ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸ਼ਨੀਵਾਰ ਨੂੰ ਪੁਲਿਸ ਨੇ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਉਸਦੇ ਦੋ ਸਾਥੀਆਂ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਸਮੇਤ ਫੜਿਆ ਸੀ। ਉਹ ਦੁਬਈ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ।