ਪ੍ਰਿਆਵਰਤ ਫੌਜੀ ਸਮੇਤ 4 ਮੁਲਜ਼ਮਾਂ ਨੂੰ ਅਦਾਲਤ ਨੇ ਭੇਜਿਆ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ
ਚੰਡੀਗੜ੍ਹ,5 ਜੁਲਾਈ(ਵਿਸ਼ਵ ਵਾਰਤਾ)-ਦਿੱਲੀ ਪੁਲਿਸ ਵੱਲੋਂ ਫੜੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ੂਟਰਾਂ ਕਸ਼ਿਸ਼ ਉਰਫ਼ ਕੁਲਦੀਪ,ਕੇਸ਼ਵ ਅਤੇ ਪ੍ਰਿਆਵਰਤ ਫ਼ੌਜੀ ਨੂੰ ਪੰਜਾਬ ਪੁਲਿਸ ਟਰਾਂਜ਼ਿਟ ਰਿਮਾਂਡ ਤੇ ਅੱਜ ਸਵੇਰੇ ਤੜਕੇ ਮਾਨਸਾ ਲੈ ਆਈ ਹੈ। ਪੁਲੀਸ ਦੀਆਂ ਟੀਮਾਂ ਸਖ਼ਤ ਸੁਰੱਖਿਆ ਹੇਠ ਸਵੇਰੇ 4 ਵਜੇ ਦੇ ਕਰੀਬ ਮਾਨਸਾ ਪੁੱਜੀਆਂ।
ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਇਹਨਾਂ ਤਿੰਨਾਂ ਦੇ ਨਾਲ ਹੀ ਇੱਕ ਹੋਰ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਇਹ ਸਾਰੇ 13 ਜੁਲਾਈ ਤੱਕ ਰਿਮਾਂਡ ਤੇ ਰਹਿਣਗੇ । ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਕੋਲੋਂ ਵੀ ਕਤਲਕਾਂਡ ਦੇ ਮਾਸਟਰਮਾਈਂਡ ਲਾਰੇਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਵੇਗੀ । ਇਸ ਦੇ ਲਈ ਇਹਨਾਂ ਨੂੰ ਜਲਦ ਹੀ ਖਰੜ ਸੀਆਈਏ ਦਫਤਰ ਵਿਖੇ ਭੇਜਿਆ ਜਾ ਸਕਦਾ ਹੈ।
ਜਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਇਹ ਵੀ ਜਿਕਰਯੋਗ ਹੈ ਕਿ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਹਰਿਆਣਾ ਦੇ ਰਹਿਣ ਵਾਲੇ ਹਨ। ਕੇਸ਼ਵ ਬਠਿੰਡਾ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਸਭ ਤੋਂ ਪਹਿਲਾਂ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੂੰ ਗੁਜਰਾਤ ਦੇ ਕੱਛ ਦੇ ਮੁੰਦਰਾ ਪੋਰਟ ਤੋਂ ਗ੍ਰਿਫਤਾਰ ਕੀਤਾ ਸੀ। ਫਿਰ ਕੱਲ੍ਹ ਦਿੱਲੀ ਪੁਲਿਸ ਨੇ ਹੀ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਸਾਢੇ 18 ਸਾਲ ਦੇ ਸ਼ੂਟਰ ਅੰਕਿਤ ਸੇਰਸਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਹੀ ਸ਼ੂਟਰਾਂ ਦੀ ਮਦਦ ਕਰਨ ਵਾਲੇ ਸਚਿਨ ਭਿਵਾਨੀ ਨੂੰ ਵੀ ਫੜਿਆ ਗਿਆ ਹੈ।