ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਗੈਂਗਸਟਰ ਗੋਲਡੀ ਬਰਾੜ ਨੇ ਜਾਰੀ ਕੀਤੀ ਵੀਡੀਓ
ਪੜ੍ਹੋ ਕਤਲ ਕਰਨ ਦੇ ਪਿੱਛੇ ਦੱਸੀ ਕਿਹੜੀ ਵਜ੍ਹਾ
ਚੰਡੀਗੜ੍ਹ,15 ਜੁਲਾਈ (ਵਿਸ਼ਵ ਵਾਰਤਾ)- ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੂੰ ਮਿਲ ਰਹੇ ਸਮਰਥਨ ਤੋਂ ਨਾਰਾਜ਼ ਹੈ । ਇਸ ਦੇ ਨਾਲ ਹੀ ਉਹ ਆਪਣੀ ਗੈਂਗ ਅਤੇ ਲਾਰੇਂਸ ਗੈਂਗ ਤੇ ਪੁਲਿਸ ਵੱਲੋਂ ਕੱਸੇ ਜਾ ਰਹੇ ਸ਼ਿਕੰਜੇ ਤੋਂ ਵੀ ਚਿੰਤਾ ਵਿੱਚ ਹੈ। ਗੋਲਡੀ ਨੇ ਇਕ ਨਿਊਜ਼ ਚੈਨਲ ਨੂੰ ਭੇਜੀ ਵੀਡੀਓ ‘ਚ ਕਿਹਾ ਹੈ ਕਿ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ ਉਸਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ।ਇਸ ਦੇ ਨਾਲ ਹੀ ਉਸਨੇ ਕਿਹਾ ਕਿ ਅਸੀਂ ਭਰਾ (ਵਿੱਕੀ ਮਿੱਡੂਖੇੜਾ) ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਮਾਰ ਦਿੱਤਾ। ਸੂਤਰਾਂ ਮੁਤਾਬਕ ਪੰਜਾਬ ਅਤੇ ਦਿੱਲੀ ਪੁਲਿਸ ਨੇ ਇਹ ਵੀਡੀਓ ਗੋਲਡੀ ਬਰਾੜ ਦੀ ਹੋਣ ਦੀ ਪੁਸ਼ਟੀ ਕੀਤੀ ਹੈ। ਵੀਡੀਓ ਵਿੱਚ ਗੋਲਡੀ ਕਹਿ ਰਿਹਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਨੇ ਚੋਣਾਂ ਦੌਰਾਨ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਮੁਕਤਸਰ ਦੇ ਪਿੰਡ ਭੰਗਚੜੀ ਦੇ ਕੁਝ ਲੜਕੇ ਸਨ, ਜੋ ਮੂਸੇਵਾਲਾ ਕੋਲ 24 ਘੰਟੇ ਰਹਿੰਦੇ ਸਨ। ਉਹਨਾਂ ਦੇ ਜ਼ਰੀਏ ਹੀ ਇਹ ਪੇਸ਼ਕਸ਼ ਕੀਤੀ ਗਈ ਸੀ। ਮੈਨੂੰ ਕਿਹਾ ਗਿਆ ਕਿ ਪੈਸੇ ਲੈ ਕੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਓ ਕਿ ਉਸ ਤੋਂ ਬਾਅਦ ਮੂਸੇਵਾਲਾ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਅਸੀਂ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ, ਇਸ ਲਈ ਅਸੀਂ ਉਸ ਨੂੰ ਮਾਰਿਆ।
ਗੋਲਡੀ ਬਰਾੜ ਨੇ ਕਿਹਾ ਕਿ ਮੇਰਾ ਨਾਂ ਮੂਸੇਵਾਲਾ ਨਾਲ ਜੁੜਿਆ ਹੋਇਆ ਸੀ। ਅਸੀਂ ਪਹਿਲਾਂ ਹੀ ਇਸ ਦੀ ਜ਼ਿੰਮੇਵਾਰੀ ਲਈ ਹੈ। ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਉਹ ਅਸਿੱਧੇ ਤੌਰ ‘ਤੇ ਕਈ ਵਾਰਦਾਤਾਂ ਵਿੱਚ ਸ਼ਾਮਿਲ ਸੀ।