ਸਿੱਧੂ ਮੂਸੇਵਾਲਾ ਕਤਲਕਾਂਡ ਦੇ ਜਾਂਚ ਅਧਿਕਾਰੀ (ਆਈਓ) ਦਾ ਹੋਇਆ ਤਬਾਦਲਾ
ਪਿਛਲੇ ਕਈ ਦਿਨਾਂ ਤੋਂ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਸੀ ਧਮਕੀਆਂ!
ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ (ਆਈਓ) ਨੂੰ ਅਚਾਨਕ ਬਦਲ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਥਾਣਾ ਸਦਰ ਮਾਨਸਾ ਦੇ ਐਸਐਚਓ ਅੰਗਰੇਜ਼ ਸਿੰਘ ਇਸ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਦੀ ਥਾਂ ਹੁਣ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਜਿਕਰਯੋਗ ਇਹ ਵੀ ਹੈ ਕਿ ਅੰਗਰੇਜ਼ ਸਿੰਘ ਥਾਣਾ ਸਿਟੀ ਮਾਨਸਾ ਦੇ ਐਸਐਚਓ ਹਨ ਅਤੇ ਇਸ ਥਾਣੇ ਦੀ ਹਦੂਦ ਅੰਦਰ ਮੂਸੇਵਾਲਾ ਦਾ ਕਤਲ ਹੋਣ ਕਾਰਨ ਉਹ ਬਤੌਰ ਜਾਂਚ ਅਧਿਕਾਰੀ ਇਸ ਕੇਸ ਨੂੰ ਦੇਖ ਰਹੇ ਸਨ ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਗੈਂਗਸਟਰ ਗੋਲਡੀ ਬਰਾੜ ਵੱਲੋਂ ਸੋਸ਼ਲ ਮੀਡੀਆ ਤੇ ਸ਼ਰੇਆਮ ਪੁਲੀਸ ਅਤੇ ਸਰਕਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਪੁਲੀਸ ਨੂੰ ਉਸ ਜਾਂਚ ਅਧਿਕਾਰੀਆਂ ਦੇ ਨਾਲ ਨਾਲ ਥਾਣੇ ਦੀ ਸੁਰੱਖਿਆ ਵੀ ਵਧਾਉਣੀ ਪਈ। ਅੰਗਰੇਜ਼ ਸਿੰਘ ਨੂੰ ਹੁਣ ਬੁਢਲਾਡਾ ਦਾ ਐਸਐਚਓ ਨਿਯੁਕਤ ਕੀਤਾ ਗਿਆ ਹੈ। ਹਾਲਾਂਕਿ ਮਾਨਸਾ ਦੇ ਐਸਐਸਪੀ ਗੌਰਵ ਤੁਰਾ ਨੇ ਇਸ ਨੂੰ ਰੁਟੀਨ ਤਬਾਦਲਾ ਦੱਸਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ। ਜਿਸ ਦੀ ਅਗਵਾਈ ਆਈਜੀ ਜਸਕਰਨ ਸਿੰਘ ਕਰ ਰਹੇ ਹਨ। ਟੀਮ ਵਿੱਚ ਮਾਨਸਾ ਦੇ ਐਸਐਸਪੀ ਗੌਰਵ ਤੂਰਾ, ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਏਆਈਜੀ ਗੁਰਮੀਤ ਚੌਹਾਨ ਵੀ ਸ਼ਾਮਲ ਹਨ। ਇਸ ਵਿੱਚ ਬਠਿੰਡਾ ਅਤੇ ਮਾਨਸਾ ਦੇ ਡੀਐਸਪੀ ਦੇ ਨਾਲ-ਨਾਲ ਥਾਣਾ ਸਿਟੀ ਮਾਨਸਾ ਦੇ ਐਸਐਚਓ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਸ ਨੇ ਮੂਸੇਵਾਲਾ ਕਤਲ ਕਾਂਡ ਦਾ ਚਲਾਨ ਪੇਸ਼ ਕਰ ਦਿੱਤਾ ਹੈ। ਜਿਸ ਵਿੱਚ 24 ਕਾਤਲਾਂ ਅਤੇ 166 ਗਵਾਹਾਂ ਦੇ ਨਾਮ ਦਰਜ ਹਨ। ਇਸ ਵਿੱਚ ਗੋਲਡੀ ਬਰਾੜ ਨੂੰ ਮਾਸਟਰਮਾਈਂਡ ਦੱਸਿਆ ਗਿਆ ਹੈ। ਇਹ ਗੋਲਡੀ ਹੀ ਸੀ ਜਿਸ ਨੇ ਮੂਸੇਵਾਲਾ ਨੂੰ ਰੇਕੀ ਕਰਨ ਦੇ ਨਾਲ-ਨਾਲ ਸ਼ੂਟਰਾਂ ਨੂੰ ਹਥਿਆਰ ਅਤੇ ਵਾਹਨ ਮੁਹੱਈਆ ਕਰਵਾਏ ਸਨ। ਇਸ ਤੋਂ ਇਲਾਵਾ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਵੀ ਗੋਲਡੀ ਦੀ ਸਾਜ਼ਿਸ਼ ਰਚਣ ਵਿਚ ਮਦਦ ਕੀਤੀ, ਸ਼ੂਟਰ ਮੁਹੱਈਆ ਕਰਵਾਏ ਸਨ। ਇਨ੍ਹਾਂ ਤੋਂ ਇਲਾਵਾ ਵਿਦੇਸ਼ ਭੱਜ ਗਏ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਤੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਲਾਰੈਂਸ ਦੇ ਭਰਾ ਅਨਮੋਲ ਦਾ ਟਿਕਾਣਾ ਵੀ ਕੀਨੀਆ ਤੋਂ ਪਤਾ ਲੱਗਾ ਹੈ।