ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ਬੈਂਕ ਵਿੱਚ ਖਾਤਾ ਖੁਲਵਾਉਣ ਦੀ ਕੋਸ਼ਿਸ਼
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,9 ਜੁਲਾਈ(ਵਿਸ਼ਵ ਵਾਰਤਾ)- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਿੰਮੇਵਾਰੀ ਲੈਣ ਵਾਲੇ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਬੈਂਕ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ।ਜਾਣਕਾਰੀ ਅਨੁਸਾਰ ਪੰਜਾਬ ਦੇ ਪਠਾਨਕੋਟ ਵਿਖੇ ਢਾਂਗੂ ਰੋਡ ਸਥਿਤ ਨੈਸ਼ਨਲ ਬੈਂਕ ਵਿੱਚ ਇੱਕ ਵਿਅਕਤੀ ਖਾਤਾ ਖੁਲਵਾਉਣ ਲਈ ਆਇਆ ਸੀ। ਉਹ ਮੈਨੇਜਰ ਨੂੰ ਮਿਲਿਆ ਅਤੇ ਉਸ ਨੂੰ ਨਵਾਂ ਬੈਂਕ ਖਾਤਾ ਖੋਲ੍ਹਣ ਲਈ ਕਿਹਾ। ਜਦੋਂ ਬੈਂਕ ਨੇ ਕੇਵਾਈਸੀ ਕਰਨ ਲਈ ਆਧਾਰ ਕਾਰਡ ਮੰਗਿਆ ਤਾਂ ਉਸ ਵਿੱਚ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਸੀ। ਇਹ ਦੇਖ ਕੇ ਬੈਂਕ ਮੈਨੇਜਰ ਨੂੰ ਸ਼ੱਕ ਹੋ ਗਿਆ।
ਬੈਂਕ ਮੈਨੇਜਰ ਨੇ ਤੁਰੰਤ ਪਠਾਨਕੋਟ ਦੇ ਐਸਐਸਪੀ ਅਰੁਣ ਸੈਣੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਸੈਣੀ ਨੇ ਬਦਮਾਸ਼ ਨੂੰ ਗੱਲਾਂ ‘ਚ ਉਲਝਾ ਕੇ ਰੱਖਣ ਲਈ ਕਿਹਾ। ਮੈਨੇਜਰ ਨੇ ਸਟਾਫ ਨੂੰ ਬੁਲਾ ਕੇ ਦੋਸ਼ੀ ਨੂੰ ਰੁੱਝੇ ਰੱਖਣ ਅਤੇ ਉਸ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਕਿਹਾ। ਇਸ ਦੌਰਾਨ ਬਦਮਾਸ਼ ਨੂੰ ਕੁਝ ਸ਼ੱਕ ਹੋਇਆ। ਉਸ ਨੇ ਬਾਥਰੂਮ ਜਾਣ ਦੀ ਗੱਲ ਕੀਤੀ ਅਤੇ ਗੇਟ ਤੋਂ ਭੱਜ ਗਿਆ। ਬੈਂਕ ਕਰਮਚਾਰੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।ਐਸਐਸਪੀ ਅਰੁਣ ਸੈਣੀ ਨੇ ਦੱਸਿਆ ਕਿ ਬਦਮਾਸ਼ ਦੇ ਆਧਾਰ ਕਾਰਡ ਦੀ ਫੋਟੋ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਨਾਲ ਮੇਲ ਖਾਂਦੀ ਹੈ। ਸੰਭਵ ਹੈ ਕਿ ਉਸ ਨੇ ਇਹ ਫੋਟੋ ਇੰਟਰਨੈੱਟ ਤੋਂ ਲਈ ਹੋਵੇ। ਜਦੋਂ ਪੁਲਿਸ ਨੇ ਉਸਦੇ ਕੇਵਾਈਸੀ ਵੇਰਵਿਆਂ ਦੀ ਜਾਂਚ ਕੀਤੀ ਤਾਂ ਉਹ ਜੋਧਪੁਰ ਦਾ ਮੰਗੀਰਾਮ ਨਿਕਲਿਆ।ਇਸ ਦੇ ਨਾਲ ਹੀ ਪੁਲਿਸ ਨੇ ਕਿਹਾ ਹੈ ਕਿ ਲੱਗਦਾ ਹੈ ਕਿ ਫੋਟੋ ਅਤੇ ਨਾਮ ਅਤੇ ਪਤਾ ਵੀ ਫਰਜ਼ੀ ਸੀ । ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਨੌਜਵਾਨ ਜਿੰਨਾ ਚਿਰ ਬੈਂਕ ‘ਚ ਰਹੇ, ਹਰਿਆਣਾ ਨੰਬਰ ਦੀ ਕਾਰ ਬਾਹਰ ਖੜ੍ਹੀ ਸੀ। ਜਿਵੇਂ ਹੀ ਨੌਜਵਾਨ ਭੱਜ ਗਏ ਤਾਂ ਕਾਰ ਵੀ ਉਥੋਂ ਰਵਾਨਾ ਹੋ ਗਈ। ਇਸ ਲਈ ਸੰਭਵ ਹੈ ਕਿ ਉਹ ਉਸੇ ਕਾਰ ਵਿੱਚ ਆਇਆ ਹੋਵੇਗਾ। ਨੌਜਵਾਨ ਦਾ ਪਹਿਰਾਵਾ ਅਤੇ ਭਾਸ਼ਾ ਵੀ ਹਰਿਆਣਵੀ ਜਾਪਦੀ ਸੀ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਰਾਜਸਥਾਨ ਅਤੇ ਹਰਿਆਣਾ ਦੀ ਪੁਲਿਸ ਤੋਂ ਵੀ ਮਦਦ ਲਈ ਜਾ ਰਹੀ ਹੈ।