ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ
ਨਵਜੋਤ ਸਿੱਧੂ ਨੇ ਚੰਨੀ ਸਰਕਾਰ ਖਿਲਾਫ ਫਿਰ ਖੋਲ੍ਹਿਆ ਮੋਰਚਾ
ਸੁਮੇਧ ਸੈਣੀ ਦੀ ਬਲੈਂਕਟ ਬੇਲ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੇ ਚੁੱਕੇ ਸਵਾਲ
ਐਸਟੀਐਫ ਦੀ ਰਿਪੋਰਟ,ਐਡਵੋਕੇਟ ਜਨਰਲ ਅਤੇ ਡੀਜੀਪੀ ਦੀਆਂ ਨਿਯੁਕਤੀਆਂ ਤੇ ਸਰਕਾਰ ਨੂੰ ਲਿਆ ਨਿਸ਼ਾਨੇ ਤੇ
ਚੰਡੀਗੜ੍ਹ,8 ਨਵੰਬਰ(ਵਿਸ਼ਵ ਵਾਰਤਾ)- ਪਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਫਿਰ ਤੋਂ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ।ਉਹਨਾਂ ਨੇ ਕਿਹਾ ਕਿ ਹਾਈਕੋਰਟ ਨੇ ਅਪ੍ਰੈਲ ਵਿੱਚ ਪੁਰਾਣੀ ਜਾਂਚ ਨੂੰ ਰੱਦ ਕਰ ਦਿੱਤਾ ਸੀ ਤੇ ਨਵੀਂ ਐਸਆਈਟੀ ਗਠਿਤ ਕਰਕੇ 6 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਨਵੀਂ ਐਸਆਈਟੀ ਮਈ ਵਿੱਚ ਬਣਾਈ ਗਈ ਸੀ। ਪਰ ,ਅੱਜ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਚਾਰਜਸ਼ੀਟ ਨਹੀਂ ਪਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ 129 ਨੰਬਰ ਐਫਆਈਆਰ ਵਿੱਚ ਮੁੱਖ ਦੋਸ਼ੀ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਦਿਵਾਉਣ ਵਿੱਚ ਸ਼ਾਮਿਲ ਐਡਵੋਕੇਟ ਜਨਰਲ ਤੇ ਵੀ ਨਿਸ਼ਾਨਾ ਸਾਧਿਆ । ਉਹਨਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਸੈਣੀ ਦੀ ਬਲੈਂਕੇਟ ਬੇਲ ਵਿਰੁੱਧ ਐਸਐਲਪੀ ਕਿਉਂ ਨਹੀਂ ਪਾਈ ਹੈ।