ਲਖੀਮਪੁਰ ਹਿੰਸਾ ਮਾਮਲਾ
ਸਿੱਧੂ ਦੀ ਅਗਵਾਈ ਵਿੱਚ ਅੱਜ ਪੰਜਾਬ ਕਾਂਗਰਸ ਕਰੇਗੀ ਲਖੀਮਪੁਰ ਵੱਲ ਮਾਰਚ
ਕਾਂਗਰਸ ਦਾ ਮਾਰਚ ਵਿੱਚ ਦਸ ਹਜ਼ਾਰ ਤੋਂ ਵੱਧ ਗੱਡੀਆਂ ਦੇ ਸ਼ਾਮਿਲ ਹੋਣ ਦਾ ਦਾਅਵਾ
ਚੰਡੀਗੜ੍ਹ,7 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਅੱਜ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਵਿਖੇ ਹੋਈ ਹਿੰਸਾ ਦੇ ਵਿਰੋਧ ਵਿੱਚ ਮੋਹਾਲੀ ਤੋਂ ਲਖੀਮਪੁਰ ਤੱਕ ਲਗਭਗ 650 ਕਿਲੋਮੀਟਰ ਲੰਮਾ ਮਾਰਚ ਕਰੇਗੀ। ਦੱਸਣਯੋਗ ਹੈ ਕਿ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਜੇਕਰ ਆਰੋਪੀ ਮੰਤਰੀ ਦੇ ਬੇਟੇ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਰੋਸ ਵਜੋਂ ਪੂਰੀ ਪੰਜਾਬ ਕਾਂਗਰਸ ਪਾਰਟੀ ਨਾਲ ਲਖੀਮਪੁਰ ਵੱਲ ਮਾਰਚ ਕਰਨਗੇ।
ਇਸ ਤੋਂ ਪਹਿਲਾਂ ਸਿੱਧੂ ਨੇ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈਣ ਲਈ ਉੱਤਰ ਪ੍ਰਦੇਸ਼ ਪੁਲਿਸ ਦੀ ਨਿੰਦਾ ਕੀਤੀ ਅਤੇ ਇਸ ਉੱਤੇ ਸੰਵਿਧਾਨ ਦੀ ਭਾਵਨਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ। ਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕਿਹਾ ਕਿ ਮਾਰਚ ਮੁਹਾਲੀ ਦੇ ਏਅਰਪੋਰਟ ਲਾਈਟ ਪੁਆਇੰਟ ਤੋਂ ਸ਼ੁਰੂ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਦੇ ਨੇਤਾਵਾਂ ਨੂੰ ਰੋਸ ਮਾਰਚ ਨੂੰ ਵੱਡੇ ਜਲੂਸ ਦੀ ਸ਼ਕਲ ਦੇਣ ਲਈ ਘੱਟੋ ਘੱਟ 100 ਵਾਹਨ (ਰਾਜ ਭਰ ਤੋਂ 10,000 ਤੋਂ ਵੱਧ) ਲਿਆਉਣ ਲਈ ਕਿਹਾ ਗਿਆ ਸੀ।