ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ, ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ ਜ਼ਬਰਦਸਤ ਰੋਸ-ਮੁਜ਼ਾਹਰਾ। ਵਿਜੈਇੰਦਰ ਸਿੰਗਲਾ ਵੱਲੋਂ ਭਰਵੇਂ ਇਕੱਠ ‘ਚ ਮੰਗਾਂ ਮੰਨਣ ਦਾ ਐਲਾਨ ਸੰਗਰੂਰ ( ) ਵੱਡੇ ਪੁਲਿਸ ਪ੍ਰਬੰਧਾਂ ਦੇ ਬਾਵਜੂਦ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵੱਲੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕਾਂ ਦਾ ਰੋਹ ਵੇਖਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਜਨਤਕ ਇਕੱਠ ‘ਚ ਮੰਗਾਂ ਮੰਨਣ ਅਤੇ 7 ਸਤੰਬਰ ਤੋਂ ਪਹਿਲਾਂ ਪੈੱਨਲ ਮੀਟਿੰਗ ਕਰਕੇ ਹਰ ਮੰਗ ਦਾ ਹੱਲ ਕੱਢਣ ਦਾ ਐਲਾਨ ਕੀਤਾ। ਮੰਤਰੀ ਨੇ ਕਿਹਾ ਕਿ ਮੰਗਾਂ ਵਿਚੋਂ ਅਧਿਆਪਕ ਭਰਤੀ ਸਬੰਧੀ ਉਹ ਇਸੇ ਮਹੀਨੇ ਵਿੱਤ ਵਿਭਾਗ ਤੋਂ ਪ੍ਰਵਾਨਗੀ ਲੈਣਗੇ, ਇਸਤੋਂ ਇਲਾਵਾ ਅਧਿਆਪਕ ਭਰਤੀ ਸਬੰਧੀ 55 ਫੀਸਦੀ ਦੀ ਸ਼ਰਤ ਖ਼ਤਮ ਕਰਨ, ਉਮਰ ਹੱਦ 42 ਸਾਲ ਕਰਨ ਅਤੇ 2 ਸਾਲ ਐਕਸ਼ਟੈਨਸ਼ਨ ‘ਤੇ ਚਲ ਰਹੇ ਅਧਿਆਪਕਾਂ ਨੂੰ ਤੁਰੰਤ ਸੇਵਾਮੁਕਤ ਕਰਕੇ ਬੇਰੁਜ਼ਗਾਰ ਅਧਿਆਪਕਾਂ ਦੇ ਰੁਜ਼ਗਾਰ ਖੋਲ੍ਹਣ ਲਈ ਜ਼ਲਦ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ।
ਸਵੇਰੇ ਸ਼ਹਿਰ ਦੇ ਸਿਟੀ ਪਾਰਕ ‘ਚ ਭਰਵਾਂ ਇਕੱਠ ਕਰਨ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਦਰਜ਼ਨਾਂ ਅਧਿਆਪਕ ਅਤੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮੰਤਰੀ ਦੀ ਕੋਠੀ ਤੱਕ ਰੋਸ-ਮਾਰਚ ਕੀਤਾ। ਪੁਲਿਸ ਵੱਲੋਂ ਕੀਤੀ ਬੈਰੀਕੇਡਿੰਗ ਮੂਹਰੇ ਬੇਰੁਜ਼ਗਾਰ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਾ ਦਿੱਤਾ ਸੀ। ਜਿਸਤੋਂ ਬਾਅਦ ਸਿੱਖਿਆ ਮੰਤਰੀ ਸਿੰਗਲਾ ਜਨਤਕ ਇਕੱਠ ‘ਚ ਆਉਣ ਲਈ ਮਜ਼ਬੂਰ ਹੋਏ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱੱਲਵਾਂ , ਜਨਰਲ ਸਕੱਤਰ ਗੁਰਜੀਤ ਕੌਰ ਖੇੜੀ ਅਤੇ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਘਰ-ਘਰ ਨੌਕਰੀ” ਦਾ ਵਾਅਦਾ ਕਰਕੇ ਸੱਤਾ ‘ਤੇ ਕਾਬਜ਼ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮ ਸਰਕਾਰ ਕਾਰਨ ਨੌਜਵਾਨ ਪੀੜ੍ਹੀ ਸੰਘਰਸ਼ ਦੇ ਰਾਹ ਹੈ। ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਮਾਨਸਾ ਜਿਲ੍ਹੇ ਦੇ ਪਿੰਡ ਚੱਕ ਭਾਈਕਾ ਦਾ ਜਗਸੀਰ ਸਿੰਘ ਯੂਜੀਸੀ ਨੈੱਟ, ਟੈੱਟ, ਐਮ ਏ ਬੀਐੱਡ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਖ਼ੁਦਕੁਸ਼ੀ ਕਰ ਗਿਆ। ਭਾਵੇਂ ਯੂਨੀਅਨ ਖ਼ੁਦਕੁਸ਼ੀ ਨੂੰ ਸਮੱਸਿਆਵਾਂ ਦਾ ਹੱਲ ਨਹੀਂ ਮੰਨਦੀ ਅਤੇ ਸੰਘਰਸ਼ ਨੂੰ ਇੱਕੋ-ਰਾਹ ਮੰਨਦੀ ਹੈ, ਪਰ ਜਗਸੀਰ ਸਿੰਘ ਨੂੰ ਸਰਕਾਰੀ ਨੀਤੀਆਂ ਦਾ ਸ਼ਿਕਾਰ ਹੋਇਆ ਸਮਝਦੀ ਹੈ। ਇੱਕ ਪਾਸੇ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ‘ਚ ਇਸ ਸਾਲ ਕਰੀਬ 52,000 ਵਿਦਿਆਰਥੀਆਂ ਦੇ ਨਵੇਂ ਦਾਖ਼ਲੇ ਕਰਕੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ ਦਾਅਵਾ ਕਰ ਰਿਹਾ ਹੈ, ਦੂਜੇ ਪਾਸੇ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ, ਜਦੋਂਕਿ ਸਿੱਖਿਆ ਵਿਭਾਗ ‘ਚ ਕਰੀਬ 30 ਹਜ਼ਾਰ ਅਸਾਮੀਆਂ ਖ਼ਾਲੀ ਹਨ। ਆਗੂਆਂ ਨੇ ਕਿਹਾ ਕਿ ਸਰਹੱਦੀ ਖੇਤਰ ਦੇ 6 ਜ਼ਿਲ੍ਹਿਆਂ ‘ਚ 55 ਸਰਕਾਰੀ ਸਕੂਲਾਂ ‘ਚ ਇੱਕ ਵੀ ਅਧਿਆਪਕ ਨਹੀਂ ਹੈ। ਵਿਜੈਇੰਦਰ ਸਿੰਗਲਾ ਤੋਂ ਪਹਿਲਾਂ ਸਿੱਖਿਆ ਮੰਤਰੀ ਰਹੇ ਓ ਪੀ ਸੋਨੀ ਤੇ ਅਰੁਣਾ ਚੌਧਰੀ ਦੋਵੇਂ ਸਰਹੱਦੀ ਪੱਟੀ ਨਾਲ ਸਬੰਧਤ ਸਨ। ਸੋਨੀ ਨੇ 3582 ਅਧਿਆਪਕਾਂ ਦੀ ਨਿਯੁਕਤੀ ਸਰਹੱਦੀ ਜਿਲ੍ਹਿਆਂ ‘ਚ ਹੀ ਕੀਤੀ ਸੀ। ਇਸ ਦੇ ਬਾਵਜੂਦ ਸਕੂਲਾਂ ਦਾ ਇਹ ਹਾਲ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਰਹੱਦੀ ਜ਼ਿਲਿਆਂ ਦੇ 150 ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਅਜਿਹੇ ਹਨ, ਜਿੱਥੇ ਸਿਰਫ਼ ਇੱਕ ਅਧਿਆਪਕ ਹੈ, ਸੂਬੇ ਭਰ ‘ਚ ਅਜਿਹੇ ਇੱਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ 1000 ਤੋਂ ਵੱਧ ਹੈ, ਜੋ ਨਾ ਸਿਰਫ ਸਰਕਾਰਾਂ ਦੀਆਂ ਬਣਦੀਆਂ ਬੁਨਿਆਦੀ ਜ਼ਿੰਮੇਵਾਰੀਆਂ ਦੀ ਪੋਲ ਖੋਲ੍ਹਦੇ ਹਨ ਬਲਕਿ ਸਿੱਖਿਆ ਦੇ ਅਧਿਕਾਰ ਕਾਨੂੰਨ (ਆਰਟੀਆਈ) ਦੀਆਂ ਵੀ ਧੱਜੀਆਂ ਉਡਾਉਂਦੇ ਹਨ। ਆਗੂਆਂ ਨੇ ਕਿਹਾ ਕਿ ਪੀ.ਐੱਚ.ਡੀ, ਐਮ.ਫਿਲ਼, ਐਮ.ਏ, ਬੀਐੱਡ ਡਿਗਰੀਆਂ ਵਾਲ਼ੇ ਹਜ਼ਾਰਾਂ ਉੱਚ ਯੋਗਤਾ ਪ੍ਰੀਖਿਆਵਾਂ ਪਾਸ ਉਮੀਦਵਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਹਨ, ਜੇਕਰ ਸਿੱਖਿਆ ਵਿਭਾਗ ਜਲਦ ਭਰਤੀ ਪ੍ਰਕਿਰਿਆ ਨਹੀਂ ਸ਼ੁਰੂ ਕਰਦਾ ਤਾਂ ਉਮੀਦਵਾਰ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਦੌਰਾਨ ਭਰਾਤਰੀ ਜਥੇਬੰਦੀਆਂ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਬਲਬੀਰ ਚੰਦ ਲੋਂਗੋਵਾਲ, ਰਾਜੀਵ ਕੁਮਾਰ, ਦਾਤਾ ਨਮੋਲ, ਐਸ ਐਸ ਰਮਸਾ ਅਧਿਆਪਕ ਯੂਨੀਅਨ ਦੇ ਆਗੂ ਅਤਿੰਦਰਪਾਲ ਘੱਗਾ, ਅਮਨ ਸ਼ਰਮਾ, ਅਧਿਆਪਕ ਸੰਘਰਸ਼ ਕਮੇਟੀ ਦੇ ਆਗੂ ਦੇਵੀ ਦਿਆਲ, ਬੱਗਾ ਸਿੰਘ, 6060 ਅਧਿਆਪਕ ਯੂਨੀਅਨ ਦੇ ਪ੍ਰਧਾਨ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਨਦਾਮਪੁਰ, ਨੌਜਵਾਨ ਭਾਰਤ ਸਭਾ ਦੇ ਨਵਕਿਰਨ ਪੱਤੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂਂ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਯੁੱਧਜੀਤ ਬਠਿੰਡਾ, ਹਰਦੀਪ ਫਾਜ਼ਿਲਕਾ, ਨਰਿੰਦਰ ਕੰਬੋਜ਼, ਪਲਵਿੰਦਰ ਫਿਰੋਜ਼ਪੁਰ, ਦਿਲਬਾਗ ਮੁਕਤਸਰ, ਬਲਕਾਰ ਮੰਘਾਣੀਆਂ, ਗੁਰਦੀਪ ਮਾਨਸਾ, ਸੰਦੀਪ ਗਿੱਲ, ਗੋਰਖਾ ਕੋਟੜਾ, ਨਵਜੀਵਨ ਸਿੰਘ, ਅਮਨ ਸੇਖਾ, ਮਨਜੀਤ ਕੌਰ, ਅਮਨ ਬਾਵਾ, ਨਵਜੀਵਨ ਸਿੰਘ, ਕੁਲਵਿੰਦਰ
ਲੁਧਿਆਣਾ, ਸੁਖਚੈਨ ਅੰਮ੍ਰਿਤਸਰ, ਬਾਜ਼ ਸਿੰਘ ਮੋਗਾ ਹਾਜ਼ਰ ਸਨ। ਸੰਪਰਕ -98556-95905