ਸਿਹਤ ਵਿਭਾਗ ਦੇ ਫੂਡ ਸੇਫ਼ਟੀ ਵਿੰਗ ਵੱਲੋਂ ਜ਼ਿਲ੍ਹੇ ਦੀ ਕੈਮਿਸਟ ਐਸੋਸੀਏਸ਼ਨ ਨਾਲ ਲਾਈਸੈਂਸ ਬਣਾਉਣ ਅਤੇ ਰਜਿਸਟ੍ਰੇਸ਼ਨਾਂ ਕਰਵਾਉਣ ਲਈ ਮੀਟਿੰਗ
ਨਵਾਂਸ਼ਹਿਰ, 6 ਦਸੰਬਰ(ਵਿਸ਼ਵ ਵਾਰਤਾ)-ਫੂਡ ਸੇਫ਼ਟੀ ਵਿੰਗ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਅਭਿਨਵ ਤਿ੍ਰਖਾ ਦੇ ਨਿਰਦੇਸ਼ਾਂ ਤਹਿਤ, ਜ਼ਿਲੇ੍ਹ ਦੀ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ ਅਤੇ ਐਫ.ਐਸ.ਐਸ.ਏ. ਐਕਟ ਅਧੀਨ ਲਾਈਸੈਂਸ / ਰਜਿਸਟ੍ਰੇਸ਼ਨ ਲੈਣ ਲਈ ਜਾਗਰੂਕ ਕੀਤਾ ਗਿਆ।
ਇਸ ਕੈਂਪ ਵਿੱਚ ਫੂਡ ਸੇਫ਼ਟੀ ਅਫ਼ਸਰ ਸ਼੍ਰੀਮਤੀ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ ਅਤੇ ਹੈਲਥ ਇੰਸਪੈਕਟਰ ਸ਼ਲਿੰਦਰ ਸਿੰਘ ਅਤੇ ਡਰੱਗ ਵਿਭਾਗ ਦੀ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੂਰੀ ਅਤੇ ਡਰੱਗ ਕੰਟਰੋਲ ਅਫਸਰ ਗੁਰਜੀਤ ਸਿੰਘ ਸ਼ਾਮਿਲ ਹੋਏ। ਕੈਂਪ ਵਿੱਚ ਦੱਸਿਆ ਗਿਆ ਕਿ ਨਿਊਟਰਾਸੂਟੀਕਲ, ਚਾਈਲਡ ਫੂਡ ਆਦਿ ਦੀ ਵਿੱਕਰੀ ਕਰਨ ਵਾਲੇ ਕੈਮਿਸਟਾਂ ਨੂੰ ਲਾਈਸੈਂਸ ਲੈਣਾ ਜਾਂ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਟਰਨਓਵਰ 12 ਲੱਖ ਸਲਾਨਾ ਤੋਂ ਜ਼ਿਆਦਾ ਹੈ ਉਨ੍ਹਾਂ ਨੂੰ ਲਾਈਸੈਂਸ ਅਤੇ ਘੱਟ ਵਾਲਿਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਹੈ। ਬਿਨ੍ਹਾਂ ਲਾਈਸੈਂਸ ਕੰਮ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋ ਸਕਦੀ ਹੈ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਕੈਂਪ ਵਿੱਚ ਆਨਲਾਈਨ ਲਾਈਸੈਂਸ ਜਾਰੀ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਵਿੱਚ ਲਗਭਗ 70 ਦੇ ਕਰੀਬ ਕੈਮਿਸਟਾਂ ਵੱਲੋਂ ਸ਼ਿਰਕਤ ਕੀਤੀ ਗਈ। ਕੈਂਪ ਵਿੱਚ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਪੁਰੀ ਅਤੇ ਸਕੱਤਰ ਮਨੋਰੰਜਨ ਕਾਲੀਆ ਅਤੇ ਹੋਰ ਵੀ ਸ਼ਾਮਲ ਰਹੇ।
ਜੁਆਇੰਟ ਕਮਿਸ਼ਨਰ ਫ਼ੂਡ ਸੇਫ਼ਟੀ ਮਨੋਜ ਖੋਸਲਾ ਅਨੁਸਾਰ ਜ਼ਿਲ੍ਹੇ ’ਚ ਖਾਣ-ਪੀਣ ਦੀਆਂ ਵਸਤਾਂ ’ਚ ਫ਼ੂਡ ਸੇਫ਼ਟੀ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਟੀਮ ਵੱਲੋਂ ਬਲਾਚੌਰ ਏਰੀਏ ਵਿੱਚ 4 ਸੈਂਪਲ ਗੁੜ ਦੇ ਅਤੇ 2 ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਲੈ ਕੇ ਸਟੇਟ ਫੂਡ ਲੈਬ ਖਰੜ ਨੂੰ ਭੇਜ ਦਿੱਤੇ ਗਏ ਹਨ ਅਤੇ ਨਤੀਜੇ ਆਉਣ ਉਪਰੰਤ ਐਫ.ਐਸ.ਐਸ.ਏ ਐਕਟ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।