ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਜ਼ਿਲ੍ਹੇ ਵਿਚ ਮਿਠਾਈਆਂ ਅਤੇ ਮੇਵਿਆਂ ਦੇ ਸੈਂਪਲ ਭਰੇ
ਨਵਾਂਸ਼ਹਿਰ, 14 ਅਕਤੂਬਰ(ਵਿਸ਼ਵ ਵਾਰਤਾ)- ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ, ਜ਼ਿਲੇ੍ਹ ਵਿੱਚ ਵੱਖ ਵੱਖ ਦੁਕਾਨਾਂ ਅਤੇ ਮਿਠਾਈਆਂ ਦੀਆਂ ਵਰਕਸ਼ਾਪਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਅਤੇ ਫੂਡ ਸੇਫਟੀ ਅਫ਼ਸਰ ਦਿਨੇਸ਼ਜੋਤ ਸਿੰਘ ਵੱਲੋਂ ਮਿਠਾਈਆਂ/ਰੰਗਦਾਰ ਮਿਠਾਈਆਂ/ ਸੁੱਕੇ ਮੇਵੇ ਆਦਿ ਦੇ ਕੁੱਲ 08 ਸੈਂਪਲ ਭਰੇ ਗਏ।
ਵਧੇਰੇ ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਫੂਡ, ਮਨੋਜ ਖੋਸਲਾ ਨੇ ਦੱਸਿਆ ਕਿ ਇਹ ਸੈਂਪਲ ਸਟੇਟ ਲੈਬ ਵਿਖੇ ਭੇਜ ਦਿੱਤੇ ਗਏ ਹਨ ਅਤੇ ਨਤੀਜੇ ਆਉਣ ਉਪਰੰਤ ਮਿਆਰਾਂ ’ਤੇ ਖਰੇ ਨਾ ਪਾਏ ਗਏ ਸੈਂਪਲ ਮਾਲਕਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਹਲਵਾਈਆਂ ਅਤੇ ਦੁੱਧ ਦੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਮੌਕੇ ਆਪਣੀਆਂ ਦੁਕਾਨਾਂ ਅਤੇ ਵਰਕਸ਼ਾਪਾਂ ਵਿੱਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਮਿਆਰੀ ਚੀਜਾਂ ਦੀ ਵਰਤੋਂ ਹੀ ਕਰਨ।
ਉਨਾਂ ਕਿਹਾ ਕਿ ਮਿਠਾਈਆਂ ਵਿੱਚ ਰੰਗ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਵਰਤਿਆ ਜਾਣ ਵਾਲਾ ਰੰਗ ਚੰਗੀ ਕੰਪਨੀ ਅਤੇ ਚੰਗੀ ਕੁਆਲਟੀ ਦਾ ਹੀ ਹੋਵੇ। ਚਾਂਦੀ ਦਾ ਵਰਕ ਵਰਤਣ ਵਾਲੇ ਵੀ ਮਿਆਰੀ ਵਰਕ ਦੀ ਹੀ ਵਰਤੋਂ ਕਰਨ। ਫੂਡ ਸੇਫਟੀ ਅਫਸਰਾਂ ਨੇ ਕਿਹਾ ਕਿ ਦੁਕਾਨਦਾਰ ਮਿਠਾਈਆਂ ਬਣਾਉਣ ਲਈ ਤਾਜ਼ੇ ਅਤੇ ਖੁਦ ਤਿਆਰ ਕੀਤੇ ਖੋਏ ਦਾ ਹੀ ਇਸਤੇਮਾਲ ਕਰਨ। ਬਾਹਰੋਂ ਫੈਕਟਰੀਆਂ ਆਦਿ ਵੱਲੋਂ ਤਿਆਰ ਖੋਆ ਅਤੇ ਹੋਰ ਮਿਠਾਈਆਂ ਨਾ ਵਰਤੀਆਂ ਜਾਣ, ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਜੇਕਰ ਕਿਸੇ ਦੁਕਾਨਦਾਰ ਪਾਸੋਂ ਗੈਰ-ਮਿਆਰੀ ਜਾਂ ਮਿਲਾਵਟੀ ਖੋਆ ਜਾਂ ਕੋਈ ਹੋਰ ਸਮਾਨ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।