ਸਿਹਤ ਮੰਤਰੀ ਨੇ ਫ਼ੇਜ਼-6 ਵਿੱਚ ਬਣੇ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦਾ ਕੀਤਾ ਉਦਘਾਟਨ
ਐਸ.ਏ.ਐਸ. ਨਗਰ, 14 ਅਗਸਤ(ਵਿਸ਼ਵ ਵਾਰਤਾ)ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਟੇਟ ਮੈਡੀਕਲ ਕਾਲਜ, ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਧੀਨ ਪੰਜਾਬ ਸਰਕਾਰ ਵੱਲੋਂ ਫ਼ੇਜ਼ 6 ਵਿਚ ਬਣਾਏ 100 ਬਿਸਤਰਿਆਂ ਵਾਲੇ ਅਸਥਾਈ ਹਸਪਤਾਲ ਦੇ ਉਦਘਾਟਨ ਤੋਂ ਇਲਾਵਾ ਕੁੱਲ 10 ਸੇਵਾਵਾਂ ਤੇ ਪ੍ਰਾਜੈਕਟਾਂ ਦੀ ਸ਼ੁਰੂਆਤ ਅਤੇ ਉਦਘਾਟਨ ਕੀਤੇ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਰਕਾਰੀ ਸਿਵਲ ਹਸਪਤਾਲ ਫ਼ੇਜ਼-6 ਵਿਖੇ ਕਰਵਾਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ, ਜਦੋਂ ਕਿ ਬਾਕੀ 9 ਪ੍ਰਾਜੈਕਟਾਂ ਤੇ ਸੇਵਾਵਾਂ ਦੀ ਸ਼ੁਰੂਆਤ ਉਨ੍ਹਾਂ ਵਰਚੂਅਲ ਮਾਧਿਅਮ ਰਾਹੀਂ ਕੀਤੀ। ਇਨ੍ਹਾਂ ਵਿੱਚ ਜਨਮ ਤੇ ਮੌਤ ਦੀਆਂ ਘਟਨਾਵਾਂ ਦੀ ਆਨਲਾਈਨ ਪੋਰਟਲ ਰਾਹੀਂ ਜਾਣਕਾਰੀ ਦੇਣ ਅਤੇ ਜਨਮ ਤੇ ਮੌਤ ਦੇ ਸਰਟੀਫਿਕੇਟਾਂ ਦੀ ਪ੍ਰਾਪਤੀ ਪ੍ਰਾਈਵੇਟ ਹਸਪਤਾਲਾਂ ਰਾਹੀਂ ਕਰਨ ਦੀ ਸਹੂਲਤ, ਪਰਵਾਸੀ ਭਾਰਤੀ ਸੈੱਲ ਵੱਲੋਂ ਦਸਤਾਵੇਜ਼ਾਂ ਦੀ ਤਸਦੀਕ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ, ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਪ੍ਰਾਪਤ ਕਰਨ ਲਈ ਵੈੱਬ ਪੋਰਟਲ ਦੀ ਸਹੂਲਤ, ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਐਸ.ਏ.ਐਸ. ਨਗਰ ਵਿੱਚ 183.87 ਲੱਖ ਰੁਪਏ ਨਾਲ ਆਈ.ਟੀ. ਬਲਾਕ ਦੀ ਨਵੀਂ ਇਮਾਰਤ ਦਾ ਉਦਘਾਟਨ, ਪੁਲਿਸ ਥਾਣਾ ਮਟੌਰ ਦੀ ਨਵੀਂ ਇਮਾਰਤ ਦਾ ਉਦਘਾਟਨ, ਪੁਲਿਸ ਸਟੇਸ਼ਨ ਜ਼ੀਰਕਪੁਰ ਦੀ ਇਮਾਰਤ ਦਾ ਉਦਘਾਟਨ, ਛੱਤਬੀੜ ਚਿੜੀਆਘਰ ਵਿੱਚ ਡਾਇਨਾਸੋਰ ਪਾਰਕ ਤੇ ਆਊਟਰ ਹਾਊਸ ਦਾ ਉਦਘਾਟਨ ਅਤੇ ਜ਼ੀਰਕਪੁਰ ਵਿੱਚ ਬਣਨ ਵਾਲੇ 17 ਐਮ.ਐਲ.ਡੀ. ਸੀਵਰੇਜ਼ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਵਰਚੂਅਲ ਮਾਧਿਅਮ ਰਾਹੀਂ ਰੱਖਿਆ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਵਧੀਕ
ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਮੁਹਾਲੀ ਸ਼ਹਿਰ ਤੇ ਸਮੁੱਚਾ ਹਲਕਾ ਤੇਜ਼ੀ ਨਾਲ ਵਿਸ਼ਵ ਦੇ ਮਾਨ ਚਿੱਤਰ ਉਤੇ ਵਧੀਆ ਬੁਨਿਆਦੀ ਢਾਂਚੇ ਵਾਲੇ ਸ਼ਹਿਰ ਵਜੋਂ ਆਪਣਾ ਨਾਂ ਬਣਾ ਰਿਹਾ ਹੈ। ਹੁਣ ਦੁਨੀਆ ਭਰ ਦੀਆਂ ਬਹੁ-ਕੌਮੀ ਕੰਪਨੀਆਂ ਮੁਹਾਲੀ ਆ ਕੇ ਇੱਥੋਂ ਆਪਣਾ ਕਾਰੋਬਾਰ ਸ਼ੁਰੂ ਕਰ ਰਹੀਆਂ ਹਨ ਕਿਉਂਕਿ ਇੱਥੇ ਵਧੀਆ ਹਵਾਈ ਕੁਨੈਕਟੀਵਿਟੀ ਤੋਂ ਇਲਾਵਾ ਵਿਸ਼ਵ ਪੱਧਰ ਦਾ ਸੜਕੀ ਨੈੱਟਵਰਕ ਹੈ। ਮੁਹਾਲੀ ਸਿਹਤ ਸਹੂਲਤਾਂ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਬਾਕੀ ਸ਼ਹਿਰਾਂ ਤੋਂ ਤੇਜ਼ੀ ਨਾਲ ਅੱਗੇ ਨਿਕਲ ਰਿਹਾ ਹੈ। ਇੱਥੇ ਵਿਸ਼ਵ ਪੱਧਰ ਦੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਤੇ ਕਾਲਜ ਬਣ ਰਹੇ ਹਨ ਅਤੇ ਕਈ ਯੂਨੀਵਰਸਿਟੀਆਂ ਨੇ ਸ਼ਹਿਰ ਵੱਲ ਰੁਖ ਕੀਤਾ ਹੈ।
ਕੈਬਨਿਟ ਮੰਤਰੀ ਨੇ ਇੱਥੇ ਬਣੇ 100 ਬਿਸਤਰਿਆਂ ਦੇ ਅਸਥਾਈ ਹਸਪਤਾਲ ਦੀ ਗੱਲ ਕਰਦਿਆਂ ਆਖਿਆ ਕਿ ਕੋਵਿਡ-19 ਮਹਾਂਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇੇ ਮੱਦੇਨਜ਼ਰ ਅਤੇ ਜ਼ਿਲ੍ਹਾ ਹਸਪਤਾਲ ਐਸ.ਏ.ਐਸ ਨਗਰ ਵਿਖੇ ਮਰੀਜ਼ਾਂ ਦੀ ਦੇਖਭਾਲ ਸਬੰਧੀ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਟੇਟ ਮੈਡੀਕਲ ਕਾਲਜ, ਬੀ.ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਅਧੀਨ ਪੰਜਾਬ ਸਰਕਾਰ ਵੱਲੋਂ 15 ਹਜ਼ਾਰ ਸਕੁਏਰ ਫੁੱਟ ਵਿੱਚ 100 ਬਿਸਤਰਿਆਂ ਵਾਲਾ ਅਸਥਾਈ ਹਸਪਤਾਲ ਬਣਾਇਆ ਗਿਆ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 5.67 ਕਰੋੜ ਰੁਪਏ ਹੈ। ਇਹ ਹਸਪਤਾਲ ਲੈਵਲ-2 ਅਤੇ ਲੈਵਲ-3 ਕੇਅਰ ਅਤੇ 8 ਬਿਸਤਰਿਆਂ ਵਾਲਾ ਆਈ.ਸੀ.ਯੂ. ਕੇਅਰ ਮੁਹੱਈਆ ਕਰਵਾਏਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਿਮਾਂਸ਼ੂ ਅਗਰਵਾਲ, ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਡਾ. ਭਵਨੀਤ ਭਾਰਤੀ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਮੈਡੀਕਲ ਸੁਪਰਡੈਂਟ ਡਾ. ਨਵਦੀਪ ਸਿੰਘ, ਡਾਇਰੈਕਟਰ ਛੱਤਬੀੜ ਚਿੜੀਆਘਰ ਨਰੇਸ਼ ਮਹਾਜਨ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ ਹਾਜ਼ਰ ਸਨ।