ਸਿਰਮੌਰ ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ-ਗੁਰਭਜਨ ਗਿੱਲ
ਲੁਧਿਆਣਾਃ 26 ਜਨਵਰੀ(ਵਿਸ਼ਵ ਵਾਰਤਾ)-ਸਿਰਮੌਰ ਗਾਇਕਾ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਪਦਮ ਭੂਸ਼ਨ ਸਨਮਾਨ ਸਵਾਗਤ ਯੋਗ ਪਰ ਦੇਰੀ ਦੁਖਦਾਈ ਹੈ। ਇਹ ਇੱਜ਼ਤ ਜੇਕਰ ਉਨ੍ਹਾਂ ਨੂੰ ਜਿਉਂਦੇ ਜੀਅ ਮਿਲ ਜਾਂਦਾ ਤਾਂ ਦੁਨੀਆ ਭਰ ਦੇ ਪੰਜਾਬੀ ਜਸ਼ਨ ਮਨਾਉਂਦੇ। ਹੁਣ ਸਾਡੀ ਇੱਕ ਅੱਖ ਵਿੱਚ ਉਦਾਸੀ ਦੇ ਅੱਥਰੂ ਹਨ ਤੇ ਦੂਜੀ ਅੱਖ ਵਿੱਚ ਖ਼ੁਸ਼ੀ ਦੇ। ਇਹ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਗੁਰਮੀਤ ਬਾਵਾ ਜੀ ਪੰਜਾਬੀ ਲੋਕ ਵਿਰਾਸਤੀ ਗੀਤਾਂ ਦੇ ਸਫ਼ਲ ਪੇਸ਼ਕਾਰ ਸਨ। ਉਨ੍ਹਾਂ ਨੂੰ 1991 ਚ ਪਹਿਲੀ ਵਾਰ ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿੱਚ ਅਸਾਂ ਘੂਕਰ ਚਰਖ਼ੇ ਦੀ ਪ੍ਰੋਗਰਾਮ ਲਈ ਬੁਲਾਇਆ ਸੀ। ਉਸ ਵੇਲੇ ਮੁੱਖ ਮਹਿਮਾਨ ਡਾਃ ਖੇਮ ਸਿੰਘ ਗਿੱਲ ਸਾਬਕਾ ਵੀ ਸੀ ਪੰਜਾਬ ਐਗਰੀਕਲਚਰਲ ਯੂਨੀਃ ,ਸਃ ਭਾਗ ਸਿੰਘ ਨਾਟਕਕਾਰ,ਸ਼੍ਰੀ ਸ ਕ ਆਹਲੂਵਾਲੀਆ ਡਾਇਰੈਕਟਰ ਸਭਿਆਚਾਰਕ ਮਾਮਲੇ ਤੇ ਸਃ ਜਗਦੇਵ ਸਿੰਘ ਜੱਸੋਵਾਲ ਚੇਅਰਮੈਨ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ)ਨੇ ਕਿਹਾ ਸੀ ਕਿ ਪੰਜਾਬ ਸਰਕਾਰ ਗੁਰਮੀਤ ਬਾਵਾ ਜੀ ਦਾ ਨਾਮ ਪਦਮ ਸ਼੍ਰੀ ਲਈ ਭਾਰਤ ਸਰਕਾਰ ਨੂੰ ਸਿਫ਼ਾਰਿਸ਼ ਕਰੇ।
ਇਹ ਸੁਪਨਾ ਹੁਣ ਤੀਕ ਅਧੂਰਾ ਸੀ ਜੋ ਉਨ੍ਹਾਂ ਦੇ ਸੰਸਾਰ ਵਿਛੋੜੇ ਤੋਂ ਬਾਅਦ ਪੂਰਾ ਹੋਇਆ ਹੈ।
ਇਸ ਮੌਕੇ ਬੋਲਦਿਆਂ ਪੰਜਾਬੀ ਲੋਕ ਗਾਇਕ ਤੇ ਭਾਰਤੀ ਸੰਗੀਤ ਨਾਟਕ ਅਕਾਡਮੀ ਪੁਰਸਕਾਰ ਵਿਜੇਤਾ ਪਰਮਜੀਤ ਸਿੰਘ ਸਿੱਧੂ ਉਰਫ਼ ਪੰਮੀ ਬਾਈ ਨੇ ਕਿਹਾ ਕਿ ਮੈਨੂੰ ਜੇਕਰ ਨਰਿੰਦਰ ਬੀਬਾ, ਸੁਰਿੰਦਰ ਕੌਰ, ਜਗਮੋਹਨ ਕੌਰ ਤੇ ਗੁਰਮੀਤ ਬਾਵਾ ਜੀ ਹਲਾਸ਼ੇਰੀ ਨਾ ਦਿੰਦੀਆਂ ਤਾਂ ਮੈਂ ਲੋਕ ਨਾਚ ਭੰਗੜੇ ਤੋਂ ਅੱਗੇ ਸੰਗੀਤ ਵੱਲ ਨਹੀ ਸੀ ਆਉਣਾ। ਗੁਰਮੀਤ ਬਾਵਾ ਜੀ ਨਾਲ ਲੋਕ ਗਾਇਕੀ ਮੰਚ ਸਾਂਝਾ ਕਰਕੇ ਹਮੇਸ਼ਾਂ ਭਰਪੂਰਤਾ ਦਾ ਅਹਿਸਾਸ ਹੁੰਦਾ ਸੀ। ਉਹ ਮੁਕੰਮਲ ਤੇ ਸੋਲਾਂ ਕਲਾ ਸੰਪੂਰਨ ਗਾਇਕਾ ਸੀ ਜਿਸ ਨੇ ਧੀਆਂ ਭੈਣਾਂ ਦੇ ਮਨ ਦੀ ਆਵਾਜ਼ ਨੂੰ ਵਿਸ਼ਾਲ ਪਿੜ ਪ੍ਰਦਾਨ ਕੀਤਾ।
ਪੰਮੀ ਬਾਈ ਨੇ ਕਿਹਾ ਕਿ ਕੱਲ੍ਹ ਸਵੇਰ ਜਿੱਥੇ ਸਾਡੇ ਲਈ ਹਰਦੇਵ ਦਿਲਗੀਰ ਦੀ ਮੌਤ ਬਾਰੇ ਬੇਹੱਦ ਉਦਾਸ ਖ਼ਬਰ ਲਿਆਈ ਉਥੇ ਸ਼ਾਮ ਨੂੰ ਗੁਰਮੀਤ ਬਾਵਾ ਜੀ ਨੂੰ ਪਦਮ ਭੂਸ਼ਨ ਮਿਲਣ ਦੀ ਖ਼ਬਰ ਵਿਸ਼ੇਸ਼ ਹੁਲਾਰਾ ਲੈ ਕੇ ਆਈ।
ਇਸ ਮੌਕੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਗੁਰਮੀਤ ਬਾਵਾ ਜੀ ਨੂੰ ਮਰਨ ਉਪਰੰਤ ਮਿਲੇ ਪਦਮ ਭੂਸ਼ਨ ਪੁਰਸਕਾਰ ਨੂੰ ਦੇਰ ਨਾਲ ਕੀਤਾ ਫ਼ੈਸਲਾ ਮੰਨਦਿਆਂ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ।
ਇਸ ਮੌਕੇ ਪੰਮੀ ਬਾਈ ਨੂੰ ਗੁਰਭਜਨ ਗਿੱਲ ਨੇ ਆਪਣੀ ਨਵ ਪ੍ਰਕਾਸ਼ਿਤ ਗ਼ਜ਼ਲ ਪੁਸਤਕ ਸੁਰਤਾਲ ਦੀ ਕਾਪੀ ਭੇਂਟ ਕੀਤੀ।
ਮੀਟਿੰਗ ਵਿੱਚ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਲੋਕ ਵਿਰਾਸਤ ਅਕਾਦਮੀ ਵੱਲੋਂ ਅਪੀਲ ਕੀਤੀ ਗਈ ਕਿ 28 ਜਨਵਰੀ ਨੂੰ ਦੁਪਹਿਰ ਇੱਕ ਵਜੇ ਹਰਦੇਵ ਦਿਲਗੀਰ ਜੀ ਦੇ ਭੋਗ ਤੇ ਅੰਤਿਮ ਅਰਦਾਸ ਵਿੱਚ ਪਿੰਡ ਥਰੀ ਕੇ(ਲੁਧਿਆਣਾ) ਵਿੱਚ ਸਮੂਹ ਕਲਾਪ੍ਰਸਤ ਦੋਸਤ ਮਿੱਤਰ ਪੁੱਜਣ।