ਸਾਵਧਾਨ ! ਹੁਣ ਮੁਹਾਲੀ ਵਿੱਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਰਾਹੀਂ ਕੀਤੇ ਜਾਣਗੇ ਚਲਾਨ
ਚੰਡੀਗੜ੍ਹ, 28ਜੂਨ(ਵਿਸ਼ਵ ਵਾਰਤਾ)-ਹੁਣ ਮੁਹਾਲੀ ਵਿੱਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੈਮਰਿਆਂ ਰਾਹੀਂ ਚਲਾਨ ਕੀਤੇ ਜਾਣਗੇ। ਇਸ ਦੇ ਲਈ ਮੁਹਾਲੀ ਵਿੱਚ ਚੌਰਾਹਿਆਂ ’ਤੇ ਕੈਮਰੇ ਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਹ ਪ੍ਰਾਜੈਕਟ 5 ਮਹੀਨੇ ਪਹਿਲਾਂ ਮਨਜ਼ੂਰ ਹੋਇਆ ਸੀ। ਪਰ ਲੋਕ ਸਭਾ ਚੋਣਾਂ ਦੇ ਜ਼ਾਬਤੇ ਕਾਰਨ ਇਹ ਸ਼ੁਰੂ ਨਹੀਂ ਹੋ ਸਕਿਆ।ਹੁਣ ਮੁਹਾਲੀ ਨਗਰ ਨਿਗਮ ਅਤੇ ਗਰੇਟਰ ਮੁਹਾਲੀ ਵਿਕਾਸ ਅਥਾਰਟੀ ਤੋਂ ਮਨਜ਼ੂਰੀ ਮਿਲਣ ਮਗਰੋਂ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਹਾਈ ਡੈਫੀਨੇਸ਼ਨ ਕੈਮਰੇ ਮੋਹਾਲੀ ਸ਼ਹਿਰ ਵਿੱਚ 3 ਤੋਂ 4 ਮਹੀਨਿਆਂ ਵਿੱਚ ਲਗਾਏ ਜਾਣਗੇ। ਇਹ ਪ੍ਰੋਜੈਕਟ ਫਰਵਰੀ ਮਹੀਨੇ ਵਿੱਚ ਅਲਾਟ ਕੀਤਾ ਗਿਆ ਸੀ। ਮੁਹਾਲੀ ਵਿੱਚ ਕੈਮਰੇ ਲਾਉਣ ਦਾ ਕੰਮ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਕਰ ਰਹੀ ਹੈ। ਸ਼ਹਿਰ ਵਿੱਚ 400 ਦੇ ਕਰੀਬ ਹਾਈ ਰੈਜ਼ੋਲਿਊਸ਼ਨ ਕੈਮਰੇ ਲਗਾਏ ਜਾਣਗੇ। ਇਨ੍ਹਾਂ ਕੈਮਰਿਆਂ ਰਾਹੀਂ ਆਵਾਜਾਈ ‘ਤੇ ਨਜ਼ਰ ਰੱਖਣ ਲਈ ਮੁਹਾਲੀ ਦੇ ਸੋਹਾਣਾ ਪੁਲਿਸ ਸਟੇਸ਼ਨ ਵਿਖੇ ਕਮਾਂਡ ਸੈਂਟਰ ਬਣਾਇਆ ਜਾਵੇਗਾ | ਇੱਥੇ ਵੀ ਕਮਾਂਡ ਸੈਂਟਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇੱਥੋਂ ਸਾਰੇ ਕੈਮਰਿਆਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਲਈ ਇੱਥੇ ਕਈ ਵੱਡੀਆਂ ਸਕਰੀਨਾਂ ਲਗਾਈਆਂ ਜਾਣਗੀਆਂ ਅਤੇ ਪੁਲਿਸ ਮੁਲਾਜ਼ਮ ਉਥੋਂ 24 ਘੰਟੇ ਸ਼ਹਿਰ ਦੀ ਆਵਾਜਾਈ ‘ਤੇ ਨਜ਼ਰ ਰੱਖਣਗੇ। ਇਸ ਤਹਿਤ ਇਨ੍ਹਾਂ ਕੈਮਰਿਆਂ ਰਾਹੀਂ ਚਲਾਨ ਜਾਰੀ ਕਰਨ ਦੇ ਨਾਲ-ਨਾਲ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਸੂਚਨਾ ਇਸ ਕਮਾਂਡ ਸੈਂਟਰ ਤੋਂ ਪੁਲਿਸ ਕੰਟਰੋਲ ਰੂਮ ਨੂੰ ਵੀ ਦਿੱਤੀ ਜਾਵੇਗੀ। ਤਾਂ ਜੋ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਵਾਈ ਜਾ ਸਕੇ।